ਕਵਿਤਾ ਦਾ ਦੇਸ਼

ਮੈਂ ਕਹਾਣੀਆਂ, ਨਾਵਲਾਂ ਜਿਹੇ 

ਲੋਕਾਂ ਵਿਚ 

ਵਿਚਰਦਾ ਹਾਂ

ਕਵਿਤਾ ਭਾਲਦਾ ਹਾਂ

ਪਰ

ਮੇਰਾ ਰਸਤਾ ਰੋਕ ਲੈਂਦੀਆਂ ਨੇ 

ਮਸ਼ੀਨਾਂ

ਜਿਨ੍ਹਾਂ ਨੂੰ ਨਹੀਂ ਦਰਦ ਸੁੱਕਦੇ ਫੁੱਲਾਂ ਦਾ 

ਤੇ ਨਾ ਹੀ ਦੁੱਧ ਲਈ ਸਿਕਦੇ ਬੁੱਲ੍ਹਾਂ ਦਾ 

ਨਹੀਂ ਪਤਾ ਸੁਪਨੇ ਕੀਕਣ ਮਰ ਜਾਣਗੇ 

ਕੋਮਲ ਫੁੱਲ ਕੀਕਣ ਮਿੱਟੀ 'ਚ ਰੁਲ ਜਾਣਗੇ 

ਪ੍ਰੇਮ ਦੇ ਪੰਛੀ ਕਿਧਰ ਉੱਡ ਜਾਣਗੇ 

ਉਹ ਕਦੋਂ ਫੇਰ ਪੀਹੂ ਪੀਹੂ ਗਾਣਗੇ

ਪਤਾ ਹੈ ਤਾਂ ਬਸ ਇਸ

ਜ਼ਰਬ ਤਕਸੀਮ ਦਾ

ਜ਼ਹਿਰ ਦਾ ਬੀਅ ਕਿੱਥੇ ਕਿੱਥੇ ਸੁੱਟਣਾ ਹੈ 

ਮੁਹੱਬਤ ਦਾ ਬੂਟਾ ਕਿੱਥੋਂ ਕਿੱਥੋਂ ਪੁੱਟਣਾ ਹੈ 

ਕਿਹੜਾ ਚਿੱਕੜ ਕਿਸ ਦੇ ਸਿਰ ਸੁੱਟਣਾ ਹੈ 

ਕਿਸ ਨੂੰ ਸੁੱਟਣਾ ਤੇ ਕਿਸਨੂੰ ਚੁੱਕਣਾ ਹੈ

ਪਰ ਮੇਰਾ ਇਹਨਾਂ ਮਸ਼ੀਨਾਂ ਦੀ

ਕਿਚ ਕਿਚ ਵਿਚ

ਦਮ ਘੁਟਣ ਲਗਦਾ ਹੈ

ਮੇਰੇ ਅੰਦਰੋਂ ਕਵੀ 

ਕਦਮ ਪੁੱਟਣ ਲਗਦਾ ਹੈ

ਮੈਂ ਕਹਾਣੀਆਂ, ਨਾਵਲਾਂ ਜਿਹੇ

ਲੋਕਾਂ ਦੇ ਦੇਸ਼ ਜਾਂਦਾ ਹਾਂ 

ਖੁਦ ਨੂੰ

ਕਵਿਤਾ ਨਾਲ ਪਰਨਾਂਦਾ ਹਾਂ

📝 ਸੋਧ ਲਈ ਭੇਜੋ