ਖ਼ਾਸ ਜਿਹੀ ਗੱਲ ਕਰਿਓ ਕੋਈ, ਨਾਨਕ—ਈਸਾ—ਰਾਮ ਜਿਹੀ
ਖ਼ੂਨ—ਖ਼ਰਾਬਾ, ਸ਼ੋਰ—ਸ਼ਰਾਬਾ ਤਾਂ ਹੁਣ ਗੱਲ ਹੈ ਆਮ ਜਿਹੀ
ਟਿੱਕੀ ਉੱਗਦੇ ਸਾਰ ਹੀ ਪਰਦੇ ਤਣ ਜਾਂਦੇ ਹਰ ਖਿੜਕੀ ’ਤੇ
ਲੋਕ ਘਰਾਂ ਵਿਚ ਪਾ ਲੈਂਦੇ ਹੁਣ ਦਿਨ ਚੜ੍ਹਦੇ ਹੀ ਸ਼ਾਮ ਜਿਹੀ
ਰੋਜ਼ ਸਵੇਰੇ ਹਰਿ ਕੀ ਪਉੜੀ ਚੜ੍ਹ ਕੇ ਜੂਨ ਸੰਵਾਰਨ ਉਹ
ਸ਼ਾਮ ਢਲੇ ਉਹ ਲੱਭ ਲੈਂਦੇ ਨੇ ਫੇਰ ਗਲੀ ਬਦਨਾਮ ਜਿਹੀ
ਸ਼ਹਿਰ ਮੇਰੇ ਹਰ ਪਹਿਰ ਵਿਚਾਰਾ ਪਲ ਪਲ ਮਰਦਾ ਰਹਿੰਦਾ ਏ
ਦਿਨ ਚੜ੍ਹਦੇ ਨੇ ਗਾਲ੍ਹ ਜਿਹੇ ਤੇ ਰਾਤ ਪਵੇ ਇਲਜ਼ਾਮ ਜਿਹੀ
ਕਿੰਨਾ ਹੋਰ ਸਰਾਪੇ ਜਾਣਾ ਹਾਲੇ ਮੇਰੇ ਸਮਿਆਂ ਨੇ
ਅਪਣੀ ਖ਼ਾਮੋਸ਼ੀ ਵੀ ਹੁਣ ਤਾਂ ਲਗਦੀ ਹੈ ਕੁਹਰਾਮ ਜਿਹੀ
ਰੋਜ਼ਾਨਾ ਇਕ ਸ਼ਖ਼ਸ ਸੁਰਾਹੀ ਵਰਗਾ ਚੇਤੇ ਆ ਜਾਵੇ
ਰੋਜ਼ਾਨਾ ਹੀ ਰਾਤ ‘ਅਮਰ’ ਦੀ ਬਣ ਜਾਂਦੀ ਹੈ ਜਾਮ ਜਿਹੀ