ਸੂਹੀ ਮਾਂ ਦੀ ਫੁਲਕਾਰੀ, ਜੁੱਤੀ ਭਾਬੜੋ ਦੀ ਪਾਓਣ
ਆਉਣ ਚੇਤਿਆਂ ‘ਚ ਕੂੰਜਾਂ,ਮੋਰ ਖ਼ਾਬਾਂ ਦੇ ਉਡਾਓਣ।
ਅੰਮੀ-ਅੰਬੜੀ ਤੋਂ ਚੋਰੀ,ਚੂੜੇ, ਬਿੰਦੀਆਂ ਸਜਾਉਣ
ਕਦੇ ਬਾਬਲੇ ਨੂੰ ਬਣ ਕੇ, ਸਿਆਣੀਆਂ ਦਿਖਾਓਣ
ਖੜ-ਖੂਹਿਆਂ ਦੇ ਉੱਤੇ, ਘੜੱਲੀ-ਘੜਾ ਖੇਡ ਆਓਣ
ਆਓਣ ਚੇਤਿਆਂ ‘ਚ ਕੂੰਜਾਂ, ਮੋਰ ਖ਼ਾਬਾਂ ਦੇ ਉਡਾਓਣ।
ਸ਼ੋਖ਼ ਬੁੱਲ੍ਹੀਆਂ ‘ਚ ਗਾਣੇ, ਮਿੱਠੇ ਮਾਖਿਓ-ਮਖਾਣੇ
ਕੋਸਾ ਹਿੱਕੜੀ ਦਾ ਸੇਕ, ਭੁੰਨੇ ਸੱਧਰਾਂ ਦੇ ਦਾਣੇ
ਸਾਵੇ-ਸਾਵਣਾਂ ਦੀ ਰੁੱਤੇ, ਹਿੱਕ ਅੰਬਰਾਂ ਨੂੰ ਲਾਓਣ
ਆਓਣ ਚੇਤਿਆਂ ‘ਚ ਕੂੰਜਾਂ,ਮੋਰ ਖ਼ਾਬਾਂ ਦੇ ਉਡਾਓਣ।
ਤਾਰੇ ਲਗਦੇ ਬਰਾਤ, ਸਾਰਾ ਅੰਬਰ ਸਬਾਤ
ਚੰਨ-ਚਾਨਣੀ ਦੀ ਲੱਗੇ, ਰੋਜ਼ ਪਹਿਲੜੀ 'ਜੀ ਰਾਤ
ਛਿੱਦੀਆਂ-ਛਹੇੜੂਆਂ ਦੇ, ਦਹੀਂ ਵਟਣੇ ਬਣਾਓਣ
ਆਓਣ ਚੇਤਿਆਂ ‘ਚ ਕੂੰਜਾਂ, ਮੋਰ ਖ਼ਾਬਾਂ ਦੇ ਉਡਾਓਣ।