ਮੀਂਹ ਵਰ੍ਹਦਾ
ਕੱਚੀਆਂ ਛੱਤਾਂ ਚੋਣ ਲਗਦੀਆਂ
ਬਾਪੂ ਵਿਹੜੇ 'ਚੋਂ ਮਿੱਟੀ ਪੁੱਟਦਾ
ਬੇਬੇ ਬੱਠਲ ਭਰ ਕੇ ਮੋਘੇ ਬੰਦ ਕਰਦੀ
ਝੱਖੜ ਚਲਦਾ
ਮਾਲ ਡੰਗਰ ਨੂੰ ਕਾਂਬਾ ਛਿੜਦਾ
ਅਸੀਂ ਛੱਪਰ ਵਿਚ ਪਾਹ ਪਾਉਂਦੇ
ਪਸ਼ੂਆਂ ਨੂੰ ਨਿੱਘ ਮਿਲਦਾ
ਬਾਪੂ ਕਹੀ ਨਾਲ ਟੱਪਾ ਭਰਦਾ
ਮੀਂਹ ਦਾ ਅੰਦਾਜ਼ਾ ਲਾਉਂਦਾ ਤੇ ਕਹਿੰਦਾ
ਹੇਠਲੇ ਦੋ ਕਿੱਲੇ ਡੁੱਬ ਗਏ
ਪਾਰ ਵਾਲਾ ਤੇ ਟਾਵਰ ਵਾਲਾ ਬਚ ਸਕਦਾ
ਕਹੀ ਲੈ ਕੇ ਖੇਤ ਵੱਲ ਭੱਜਦਾ
ਬਿਜਲੀ ਲਿਸ਼ਕਦੀ ਬੱਦਲ ਗੱਜਦਾ
ਬੇਬੇ ਵਾਹਗੁਰੂ ... ਵਾਹਗੁਰੂ ਕਰਦੀ
ਕਿਸੇ ਅਣਹੋਣੀ ਤੋਂ ਡਰਦੀ
ਅਰਦਾਸ ਕਰਨ ਲਗਦੀ ... ਪਰ
ਤਾੜ ਤਾੜ ਗੜੇ ਡਿੱਗਣ ਲਗਦੇ
ਸਾਰਾ ਬਾਲਣ ਗਿੱਲਾ ਹੋ ਜਾਂਦਾ
ਕੱਚਾ ਚੁੱਲ੍ਹਾ ਠੰਢਾ ਹੀ ਰਹਿੰਦਾ
ਖਾਣ ਨੂੰ ਕੁਝ ਨਾ ਹੁੰਦਾ
ਭੁੱਖਣ ਭਾਣੇ ਅੱਖ ਨਾ ਲਗਦੀ
ਸਾਡੇ ਹਿੱਸੇ ਦੀ ਰੋਟੀ
ਅੱਖਾਂ ਥਾਣੀਂ ਹੰਝੂ ਹੋ ਵਹਿੰਦੀ
ਵੱਡੀ ਬੇਬੇ ਸਬਰ 'ਚ ਰਹਿੰਦੀ
ਬਾਪੂ ਨੂੰ ਕਹਿੰਦੀ
ਸਬਰ ਅੰਦਰਿ ਸਾਬਰੀ ਤਨੁ ਏਵੈ ਜਾਲੇਨ॥
ਹੋਨਿ ਨਜੀਕਿ ਖੁਦਾਇ ਦੈ ਭੇਤੁ ਨ ਕਿਸੈ ਦੇਨਿ॥
ਬਾਪੂ ਬਲਦਾਂ ਦੀ ਜੋਗ ਜੋੜਦਾ
ਹਲ ਪੰਜਾਲੀ ਚੁੱਕਦਾ
ਖੇਤ ਵੱਲ ਤੁਰਦਾ ... ਬੋਲਦਾ
ਖੇਤੀ ਖਸਮਾਂ ਸੇਤੀ