ਖੱਖਾ ਖੜੀ ਹੈ ਮੌਤ ਦੀ ਘੜੀ ਸਿਰ ਤੇ, ਜਪ ਨਾਮ ਓਇ ਬੰਦਿਆ ਵੇਲੜਾ ਈ।

ਅਜ਼ਰਾਇਲ ਤੈਨੂੰ ਗਰਿਫ਼ਤਾਰ ਕਰਕੇ, ਕੱਢੂ ਜਾਨ ਓਇ ਬੰਦਿਆ ਵੇਲੜਾ ਈ।

ਜ਼ਾਰ-ਜ਼ਾਰ ਰੋਣਾ ਓਦੋਂ ਹੋਵਣਾ ਤੈਂ, ਪਰੇਸ਼ਾਨ ਓਇ ਬੰਦਿਆ ਵੇਲੜਾ ਈ।

ਹੇੜੀ ਕਾਲ ਨੇ ਕੱਸ ਕੇ ਮਾਰਨਾਈਂ. ਤੇਰੇ ਬਾਨ ਓਇ ਬੰਦਿਆ ਵੇਲੜਾ ਈ।

ਜਮ੍ਹਾਂ ਲੁਟਣੀ ਆਣ ਹਟਵਾਈਏਂ ਦੀ, ਦੇਹ-ਦੁਕਾਨ ਓਇ ਬੰਦਿਆ ਵੇਲੜਾ ਈ।

ਕੱਲੇ ਪੰਧ ਪੈਣਾ ਛੱਡ ਜਾਵਨਾ ਤੈਂ, ਇਹ ਜਹਾਨ ਓਇ ਬੰਦਿਆ ਵੇਲੜਾ ਈ।

ਵਿੱਛੜ ਚੱਲਨਾ ਝੂਠ ਮਿਲਾਵੜਾਈ, ਨਦੀ-ਨਾਮ ਓਇ ਬੰਦਿਆ ਵੇਲੜਾ ਈ।

ਅੰਤ ਜਾ ਉਜਾੜ ਤੈਂ ਮੱਲਣੀ ਹੈ, ਬੀਆਬਾਨ ਓਇ ਬੰਦਿਆ ਵੇਲੜਾ ਈ।

ਪਿੱਛੋਂ ਕਿਸੇ ਨਾ ਲਾਹਵਣਾ ਆਪ ਕਰਜ਼ਾ, ਹੱਥੀ ਦਾਨ ਓਇ ਬੰਦਿਆ ਵੇਲੜਾ ਈ।

ਕੰਮ ਹੋਰ ਕਰਦਾ ਫਿਰਦਾ ਜੱਗ ਉਤੇ, ਜਿਹੜੇ ਕਾਸ ਓਇ ਬੰਦਿਆ ਵੇਲੜਾ ਈ।

ਕੂੜੇ ਕੰਮ ਵਿੱਚ ਜਿੱਤ ਆਪ ਹੁੰਦੀ, ਸਦਾ ਹਾਣ ਓਇ ਬੰਦਿਆ ਵੇਲੜਾ ਈ।

ਬੰਦਾ ਭਜਨ ਗਿਆਨ ਵੀਚਾਰ ਬਾਝੋਂ, ਸੂਕਰ-ਸੁਆਨ ਓਇ ਬੰਦਿਆ ਵੇਲੜਾ ਈ।

ਨਾਮ ਜਪਦਿਆਂ ਕੁੱਝ ਨਾ ਹੋਂਵਦਾਈ, ਨੁਕਸਾਨ ਓਇ ਬੰਦਿਆ ਵੇਲੜਾ ਈ।

ਏਸ ਚਿੱਤ ਨੂੰ ਰੱਖੀਏ ਯਾਰ ਵੱਲੀਂ, ਹੱਥੀਂ ਕਾਮ ਓਇ ਬੰਦਿਆ ਵੇਲੜਾ ਈ।

ਚਿੱਤ ਵਿੱਚ ਪਰੋ ਲਈਏ ਨਾਮ ਮਣਕਾ, ਨਾਮੇ ਵਾਂਗ ਓਇ ਬੰਦਿਆ ਵੇਲੜਾ ਈ।

ਓਥੇ ਨਹੀਂ ਹਿੰਦੂ ਚੂਹੜਾ ਪੁੱਛ ਨਾਹੀਂ , ਮੁਸਲਮਾਨ ਓਇ ਬੰਦਿਆ ਵੇਲੜਾ ਈ।

ਓਥੇ ਜਾਤ ਨਾ ਪੁੱਛਣੀ ਹੈ ਕਰਨੀ, ਪਰਵਾਣ ਓਇ ਬੰਦਿਆ ਵੇਲੜਾ ਈ।

ਜੱਗ ਮਿਥਿਆ ਝੂਠ ਫ਼ਨਾਹ ਦਾ ਈ, ਇਹ ਮਕਾਨ ਓਏ ਬੰਦਿਆ ਵੇਲੜਾ ਈ।

ਦੇਵਾ ਸਿੰਘ ਹੋਣੇ ਧਰਮ ਰਾਜ ਅੱਗੇ, ਤੇਰੇ ਬਿਆਨ ਓਇ ਬੰਦਿਆ ਵੇਲੜਾ ਈ।

📝 ਸੋਧ ਲਈ ਭੇਜੋ