ਖੱਖਾ ਆਖਦਾ ਖੋਲ੍ਹਕੇ ਨੈਣ ਦੇਖੀਂ, ਜਗਤ ਮਿਥਿਆ ਹਈ ਕਿ ਸੱਤ ਯਾਰਾ । 

ਇਕ ਰੋਜ਼ ਮੁਸਾਫ਼ਰਾਂ ਲੱਦ ਜਾਣਾ, ਨਹੀਂ ਜੱਗ ਤੇ ਆਵਣਾ ਵੱਤ ਯਾਰਾ। 

ਜਿਹੜਾ ਅਜਿਹਾ ਢੇਰਦੇ ਵਿਚ ਜਾਣਾ, ਕਲ੍ਹ ਦੇਖ ਲਈਂ ਹੋਵਸੀ ਘੱਤ ਯਾਰਾ। 

ਅੰਤ ਪਵੇਂਗਾ ਵੱਸ ਹਲਾਲ-ਖ਼ੋਰਾਂ, ਸੀਨੇ ਟਿਕੂ ਜੱਲਾਦ ਦੀ ਲੱਤ ਯਾਰਾ।

ਕਬਰ-ਕੋਠੜਾ ਜਾਣ ਅਖ਼ੀਰ ਤੇਰਾ, ਜੀਹਦੀ ਵਿਚ ਜਹਾਨ ਦੇ ਪੱਤ ਯਾਰਾ।

ਸਾਡੇ ਵਾਕ ਤਲਵਾਰ ਦੇ ਵਾਂਗ ਤਿੱਖੇ, ਕਿਉਂ ਨਹੀ ਹੋਂਵਦਾ ਜਿਗਰ ਤੇ ਫੱਟ ਯਾਰਾ। 

ਕਾਹਦੇ ਵਾਸਤੇ ਬੇਦ-ਪੁਰਾਨ ਖੋਜੇ, ਜੇਕਰ ਸਮਝਿਆ ਨਾ ਵਿਚੋਂ ਤੱਤ ਯਾਰਾ। 

ਕੀਤੇ ਓਸ ਦੇ ਹੋਂਵਦੇ ਕੰਮ ਸਾਰੇ, ਬਿਨਾਂ ਹੁਕਮ ਨਾ ਝੂਲਦਾ ਪੱਤ ਯਾਰਾ। 

ਜਿੱਧਰ ਚਾਂਹਵਦਾ ਪਕੜ ਚਲਾਂਵਦਾ ਏ, ਫੜੀ ਖ਼ਸਮ ਦੇ ਹੱਥ ਵਿਚ ਨੱਥ ਯਾਰਾ। 

ਬਿਨਾਂ ਮੁਰਸ਼ਦਾਂ ਮਿਲੇ ਮਹਿਬੂਬ ਨਾਹੀਂ, ਗੁਰਾਂ ਬਾਝ ਨਾ ਹੋਂਵਦੀ ਗੱਤ ਯਾਰਾ। 

ਜਿਨ੍ਹਾਂ ਇਸ਼ਟ ਮਿਲ ਗਏ ਬ੍ਰਹਮ ਦ੍ਰਿਸ਼ਟ ਹੋਕੇ, ਤੋੜੀ ਤਿਨ੍ਹਾਂ ਨੇ ਭਰਮ ਦੀ ਵੱਟ ਯਾਰਾ। 

ਤੂਹੇਂ ਭਾਲਦਾ ਤੇ ਤੂਹੇਂ ਭਾਲਨਾ ਏਂ, ਦੇਖੀਂ ਖੋਲ੍ਹ ਕੇ ਭਰਮ ਦੀ ਗੱਠ ਯਾਰਾ। 

ਤਿੱਚਰ ਨਹੀਂ ਢਹਿੰਦਾ ਬੁਰਜ ਹੰਗਤਾ ਦਾ, ਜਿੱਚਰ ਰੂਹ ਤੇ ਬੁੱਤ ਦਾ ਕੱਠ ਯਾਰਾ। 

ਭਰਮ ਕੋਟ ਤੇ ਮਾਇਆ ਹੈ ਜਾਨ ਖਾਈ, ਕੋਈ ਸੂਰਮੇ ਜਾਣਗੇ ਟੱਪ ਯਾਰਾ।

ਦਯਾ ਸਿੰਘ ਤੂੰ ਬਿਸਤਰਾ ਬੰਨ੍ਹ ਛੱਡੀਂ, ਧੁਰੋਂ ਆਵਣਾ ਸਾਹਿਬ ਦਾ ਖ਼ੱਤ ਯਾਰਾ।

📝 ਸੋਧ ਲਈ ਭੇਜੋ