ਖੰਡਰਾਂ ਕਿੱਸਾ ਸੁਣਾਇਆ

ਖੰਡਰਾਂ ਕਿੱਸਾ ਸੁਣਾਇਆ ਕਿਸ ਤਰ੍ਹਾਂ ਦਾ

ਡਰ ਗਿਆ ਹੈ ਹਰ ਜਣਾ ਸੁੰਦਰ ਘਰਾਂ ਦਾ

ਚਾਨਣੀ ਦੇ ਨਾਲ ਮਿਲਣੀ ਹੋ ਸਕੀ ਨਾ

ਰਾਹ ’ਚ ਪਾਣੀ ਖ਼ੌਲਦਾ ਸੀ ਸਾਗਰਾਂ ਦਾ

‘ਅੰਬਰਾਂ ਨੂੰ ਗਾਲ੍ਹ ਕੱਢ ਕੇ ਤੂੰ ਮੁੜੇਂਗਾ’

ਇਹ ਕਥਨ ਸੱਚ ਹੋ ਗਿਆ ਇਕ ਦਿਨ ਦਰਾਂ ਦਾ

ਇਕ ਚਿੜੀ ਪੱਖੇ ’ਤੇ ਬੈਠੀ ਸੋਚਦੀ ਹੈ

ਕੀ ਭਲਾ ਮਤਲਬ ਖਲੋ ਚੁੱਕੇ ਪਰਾਂ ਦਾ

ਪਰਦਿਆਂ ਦਾ ਜਦ ਵੀ ਪਰਦਾ ਫ਼ਾਸ਼ ਹੋਇਆ

ਨਿਕਲਿਆ ਹੈ ਦੋਸ਼ ਚਿੱਟੀਆਂ ਚਾਦਰਾਂ ਦਾ

ਲੋੜ ਹੈ ਮੈਨੂੰ ਕਮੀਨੇ ਪਾਤਰਾਂ ਦੀ

ਪੇਸ਼ ਕਰਨਾ ਹੈ ਦ੍ਰਿਸ਼ ਮੈਂ ਦਫ਼ਤਰਾਂ ਦਾ

ਗੱਲ ਪਾਗ਼ਲ ਦੀ ਕਹੀ ਜਦ ਠੀਕ ਨਿਕਲੀ

ਚੜ੍ਹ ਗਿਆ ਪਾਰਾ ‘ਅਮਰ’ ਦਾਨਿਸ਼ਵਰਾਂ ਦਾ

📝 ਸੋਧ ਲਈ ਭੇਜੋ