ਐਵੇਂ ਕਰੀ ਉਡੀਕ ਖਤਾਂ ਦੀ ਚਿਹਰੇ ਪੜ੍ਹੀਏ ਰਾਹਵਾਂ ਦੇ 

ਪਾਟੇ ਖਤ ਦੀ ਥਾਵੇਂ ਅੱਜ ਕੱਲ੍ਹ ਪੁੱਤਰ ਆਉਣ ਗਿਰਾਵਾਂ ਦੇ

ਕਿੱਥੋਂ ਕਰਾਂ ਉਡੀਕ ਖਤਾਂ ਦੀ ਦਰਜ਼ ਮੁਕੱਦਮੇਂ ਛਾਵਾਂ ਤੇ 

ਰੁੱਖ ਉਦਾਸੇ, ਪੰਛੀ ਰੋਂਦੇ ਟੁੱਟੇ ਕਹਿਰ ਹਵਾਵਾਂ ਤੇ

ਹਲਦੀ ਲੱਗੇ ਖਤ ਨਹੀਂ ਆਉਣੇ ਸਉਣ ਮਹੀਨੇ ਮੋਰ ਨਹੀਂ ਨੱਚਣੇ 

ਰਾਤ-ਬਰਾਤੇ ਲਹੂ ਵਰ੍ਹਦਾ ਹੁਣ ਤੀਆਂ ਵਿਚ ਮੀਂਹ ਨਹੀਂ ਵੱਸਣੇ

ਹੁਣ ਨਾ ਭੈਣਾਂ ਘੋੜੀ ਗਾਵਣ ਹੁਣ ਨਾ ਵੀਰਨ ਘੋੜੀ ਚੜ੍ਹਦੇ 

ਧੀਆਂ, ਮਾਵਾਂ, ਬਾਬਲ ਰਲਕੇ ਸੇਕ ਸਿਵੇ ਦਾ ਠੰਢਾ ਕਰਦੇ

ਹੁਣ ਤਾਂ ਤੈਨੂੰ ਖਤ ਆਵਣਗੇ ਅੰਬਰੋਂ ਟੁੱਟੇ ਤਾਰੇ ਵਰਗੇ 

ਬੇਦਾਵੇ ਦੀਆਂ ਚੀਸਾਂ ਵਰਗੇ ਵਿਛੜੇ ਮਿੱਤਰ ਪਿਆਰੇ ਵਰਗੇ

ਖਤ ਆਵਣਗੇ ਲਹੂ ਵਿੱਚ ਡੁੱਬੇ ਸੀਸ ਤੇ ਚੱਲਦੇ ਆਰੇ ਵਰਗੇ 

ਕਬਰੀਂ ਬਲਦੇ ਦੀਵੇ ਵਰਗੇ ਉੱਜੜੇ ਤਖਤ ਹਜ਼ਾਰੇ ਵਰਗੇ

ਹਰ ਅੱਖਰ ਕੁਝ ਇੰਝ ਬਲੇਗਾ ਅੰਬਰ ਧਰਤੀ ਚੀਕ ਪਵੇਗੀ 

ਸਿਖਰ ਦੁਪਹਿਰੇ ਸੂਰਜ ਡੁੱਬੂ ਧੁੱਪ ਦੇ ਸੀਨੇ ਚੀਸ ਪਵੇਗੀ

ਇਕ ਖਤ ਤੈਨੂੰ ਬਾਪ ਲਿਖੇਗਾ ਰੁਲਦੇ ਧੌਲੇ ਦਾੜ੍ਹੀ ਦੇ 

ਕਿੱਦਾਂ ਹੱਥੀਂ ਅੱਗ ਵਿਖਾਈਏ ਜੋ ਚਾਵਾਂ ਨਾਲ ਪਾਲੀ ਦੇ

ਇਕ ਖਤ ਤੈਨੂੰ ਮਾਂ ਦਾ ਆਉਣੈ ਹੁਣ ਕਿਸ ਪੱਤ ਸਰੀਂਹ ਦੇ ਬੰਨ੍ਹਣੇ 

ਹੁਣ ਤਾਂ ਘਰੋਂ ਗੁਆਚੇ ਪੁੱਤ ਦੇ ਮੌਜੇ ਬੂਹੇ ਉੱਤੇ ਟੰਗਣੇ

ਇਕ ਖਤ ਤੈਨੂੰ ਭੈਣ ਲਿਖੇਗੀ ਹੁਣ ਨਹੀਂ ਵੀਰ ਸੰਧਾਰੇ ਘੱਲਣੇ 

ਕਿੱਥੇ, ਕਦੋਂ ਤੇ ਕਿਹੜੇ ਵੇਲੇ ਚਿੱਟੀਆਂ ਚੁੰਨੀਆਂ ਵਿਹੜੇ ਮੱਲਣੇ

ਇਕ ਖਤ ਤੈਨੂੰ ਵੀਰ ਲਿਖੇਗਾ ਉਜੜੀ ਫਸਲ ਨਿਕੰਮੀ ਦਾ 

ਮਾਂ-ਜਾਇਆਂ ਨੂੰ ਰੋ ਤਾਂ ਜਾਂਦੋ ਏਨਾਂ ਡਰ ਨਹੀਂ ਮੰਨੀਦਾ

ਇਕ ਖਤ ਤੈਨੂੰ ਯਾਰ ਲਿਖਣਗੇ ਸ਼ਾਇਰਾ ਕੂੜ ਨਹੀਂ ਬੋਲੀਦਾ 

ਕੁੰਜ ਨਾਗ ਦੀ ਖੰਭ ਮੋਰ ਦਾ ਇਕ ਪੱਲੜੇ ਨਹੀਂ ਤੋਲੀਦਾ

ਇਕ ਖਤ ਤੈਨੂੰ ਹਵਾ ਲਿਖੇਗੀ ਵੇਖ ਧਰਤ ਦੇ ਜੇਰੇ ਨੂੰ 

ਮਰੇ-ਮਾਰੇ ਦੀ ਕੋਈ ਨਾ ਗਿਣਤੀ ਰੋਈਏ ਕਿਹੜੇ-ਕਿਹੜੇ ਨੂੰ

ਇਕ ਖਤ ਤੈਨੂੰ ਪਿੰਡ ਲਿਖਣਗੇ ਲੇਰ ਤਾਂ ਸੁਣ ਜਾ ਰੁੱਖਾਂ ਦੀ 

ਪਿੰਡ ਦੇ ਪਿੱਪਲੀਂ ਪੀਂਘਾਂ ਥਾਵੇਂ ਲਾਸ਼ ਲਟਕਦੀ ਪੁੱਤਾਂ ਦੀ

ਇਕ ਖਤ ਤੈਨੂੰ ਫੁੱਲ ਲਿਖਣਗੇ ਡੂੰਘੇ ਦੁੱਖੜੇ ਕਲੀਆਂ ਦੇ 

ਨਿਤ ਮਕਾਣਾਂ, ਕੱਖ ਵੀ ਰੋਂਦੇ ਬਾਬਲ ਵਾਲੀਆਂ ਗਲੀਆਂ ਦੇ

ਇਕ ਖਤ ਤੈਨੂੰ ਸਿਵੇ ਲਿਖਣਗੇ ਕਿਸ ਕਿਸ ਫੁੱਲ ਨੂੰ ਸਾੜਾਂਗੇ 

ਮਿੱਟੀ ਵਿੱਚ ਵੀ ਜਾਨ ਹੈ ਹੁੰਦੀ ਕਦ ਤੱਕ ਸੇਕ ਸਹਾਰਾਂਗੇ

ਹੋਰ ਨਾ ਕਰੀਂ ਉਡੀਕ ਖਤਾਂ ਦੀ ਨਾ ਕਰ ਮੋਹ ਪਰਛਾਵੇਂ ਦਾ 

ਇਕ ਦਿਨ ਆਖਿਰ ਇਹ ਵੀ ਆਉਣੈ ਖੁਦ ਨੂੰ ਲਾਂਬੂ ਲਾਵੇਂਗਾ

ਤੂੰ ਜੋ ਲਿਖਦੈਂ ਤੂੰ ਜੋ ਸੁਣਦੈਂ ਇਹ ਸੱਚ ਦਾ ਅਹਿਸਾਸ ਨਹੀਂ 

ਐਵੇਂ ਭਰਮ ਭੁਲੇਖੇ ਪਾਲੇਂ ਇਹ ਹੁਣ ਦਾ ਇਤਿਹਾਸ ਨਹੀਂ

ਇਹ ਖਤ ਐਵੇਂ ਸਾਂਭ ਨਾ ਬੈਠੀ ਉਮਰਾਂ ਲਈ ਪਛਤਾਵੇਂਗਾ 

ਇਹ ਖਤ ਐਵੇਂ ਸਾੜ ਨਾ ਬੈਠੀ ਰੂਹ ਤੀਕਰ ਮੱਚ ਜਾਵੇਂਗਾ

ਚੁੱਪ-ਚੁਪੀਤੇ ਇਹ ਖਤ ਲੈ ਕੇ ਪਾਣੀ ਵਿਚ ਵਹਾ ਆਵੀਂ 

ਏਸ ਬਹਾਨੇ ਦੁਬਿਧਾ ਮਾਰੀ ਸ਼ਾਇਰੀ ਦੇ ਫੁੱਲ ਪਾ ਆਵੀਂ

📝 ਸੋਧ ਲਈ ਭੇਜੋ