ਖੇਡ ਜ਼ਿੰਦਗੀ ਦੀ
ਖੇਡਦਿਆਂ ਮੁੱਦਤ ਹੋ ਗਈ
ਫੇਰ ਵੀ ਅਸੀਂ ਥੱਕੇ ਨਹੀਂ ।
ਬਚਪਨ ਦੇ ਖਿਡੌਣਿਆਂ ਨੂੰ
ਯਾਦਾਂ ਦੇ ਨਜ਼ਾਰਿਆਂ ਨੂੰ
ਸਾਂਭ-ਸਾਂਭ ਰੱਖਦੇ ਰਹੇ
ਇਕ ਖ਼ਜ਼ਾਨੇ ਦੀ ਤਰ੍ਹਾਂ
ਫੇਰ ਵੀ ਅਸੀਂ ਥੱਕੇ ਨਹੀਂ
ਖੇਡ ਜ਼ਿੰਦਗੀ ਦੀ
ਖੇਡਦਿਆਂ ਗ਼ਰਜ਼ਾਂ ਤੋਂ ਦੂਰ
ਮੋਹ ਮੁਲਾਹਜ਼ਿਆਂ ਤੋਂ ਦੂਰ
ਸਮੇਂ ਦੀ ਹਰ ਖੇਡ
ਖੇਡ ਦੀ ਤਰ੍ਹਾਂ ਖੇਡਦੇ ਰਹੇ
ਫੇਰ ਵੀ ਅਸੀਂ ਥੱਕੇ ਨਹੀਂ
ਹਰ ਇੱਕ ਇਨਸਾਨ ਦਾ
ਆਪਣੇ ਹੀ ਮੁੱਕਦਰ ਦਾ
ਬਦਲਦਾ ਪਹਿਰਾਵਾ ਰਿਹਾ
ਪਰ ਅਸੀਂ ਸ਼ਾਂਤ ਰਹੇ
ਇਕ ਪਲ ਦੀ ਤਰ੍ਹਾਂ
ਫੇਰ ਵੀ ਅਸੀਂ ਥੱਕੇ ਨਹੀਂ
ਸ਼ੌਕ ਅਜੀਬ ਇਨਸਾਨ ਦਾ
ਕੁਰਾਹੇ ਪਏ ਈਮਾਨ ਦਾ
ਸਬਰ ਸੰਤੋਖ ਆਉਂਦਾ ਨਹੀਂ
ਚੱਕਰ ਜ਼ਿੰਦਗੀ ਦਾ ਚੱਲਦਾ ਰਿਹਾ
ਪਰ ਚੁੱਪ ਰਹੇ
ਇਕ ਬਾਤ ਦੀ ਤਰ੍ਹਾਂ
ਫੇਰ ਵੀ ਅਸੀਂ ਥੱਕੇ ਨਹੀਂ