ਖੇਡਦੇ ਸਨ ਜੋ ਕਦੇ ਬਚਪਨ ਦਿਆਂ ਯਾਰਾਂ ਦੇ ਨਾਲ

ਖੇਡਦੇ ਸਨ ਜੋ ਕਦੇ ਬਚਪਨ ਦਿਆਂ ਯਾਰਾਂ ਦੇ ਨਾਲ। 

ਗਏ ਛਡਕੇ ਵਤਨ ਘਰ ਬਾਰ ਪਰਿਵਾਰਾਂ ਦੇ ਨਾਲ।

ਦਿਲ ਦੇ ਬੀਮਾਰਾਂ ਤੋਂ ਬਚਕੇ ਆਏ ਸਾਂ ਏਥੇ ਮਗਰ,

ਦੋਸਤੀ ਕਰਨੀ ਪਈ ਰੂਹ ਦੇ ਬੀਮਾਰਾਂ ਦੇ ਨਾਲ।

ਜਾਲ ਵਿਚ ਫਸਦੇ ਨੇ ਪੰਛੀ ਦਾਣਿਆਂ ਦੇ ਲੋਭ ਨੂੰ, 

ਹੋ ਰਿਹਾ ਇਹ ਖੇਲ ਸਦੀਆਂ ਤੋਂ ਹੈ ਲਾਚਾਰਾਂ ਦੇ ਨਾਲ।

ਲੈ ਕੇ ਪਰਦੇਸਾਂ 'ਚ ਆਈਆਂ ਜਿਹਨਾਂ ਨੂੰ ਮਜ਼ਬੂਰੀਆਂ, 

ਮੈਂ ਕਈ ਦੇਖੇ ਨੇ ਰੋਂਦੇ ਲਗਕੇ ਦੀਵਾਰਾਂ ਦੇ ਨਾਲ।

ਘੋਲਕੇ ਮੈਅ ਦੇ ਪਿਆਲੇ ਵਿਚ ਇਹ ਪਾ ਜਾਂਦੇ ਨੇ ਗ਼ਮ, 

ਰਾਤ ਦਿਨ ਪਏ ਖੇਡਦੇ ਨਾਦਾਨ ਅੰਗਿਆਰਾਂ ਦੇ ਨਾਲ।

ਮਿਲ ਗਏ ਡਾਲਰ ਬੜੇ ਔਲਾਦ ਪਰ ਹੱਥੋਂ ਗਈ, 

ਜੂਝਦੇ ਮਾਪੇ ਨੇ ਫਿਰ ਵੀ ਅਪਣੇ ਰੁਜ਼ਗਾਰਾਂ ਦੇ ਨਾਲ।

ਇਸ ਮਸ਼ੀਨਾਂ ਦੇ ਸ਼ਹਿਰ ਵਿਚ ਤੇ ਪੁੱਜੇ ਹਾਂ “ਅਜ਼ਾਦ’

 ਕਿਸ ਤਰ੍ਹਾਂ ਦੌੜਾਂਗੇ ਯਾਰੋ, ਤੇਜ਼ ਰਫ਼ਤਾਰਾਂ ਦੇ ਨਾਲ।

📝 ਸੋਧ ਲਈ ਭੇਜੋ