ਖੋ ਕੇ ਲੈ ਗਿਆ ਰੰਗ

ਖੋ ਕੇ ਲੈ ਗਿਆ ਰੰਗ ਅਸਾਡੇ ਇੱਕ ਬੁੱਕਲ਼ ਦਾ ਚੋਰ।

ਹੰਝੂਵਾਂ ਦੇ ਨਾਲ਼ ਭਿੱਜ ਗਈ ਮੇਰੀ ਚੁੰਨੀ ਨਵੀਂ ਨਕੋਰ।

ਕੈਦੋ ਵੇਲੇ ਦਾ ਸ਼ੈਤਾਨ ਏ ਮਾਏ ਉਹਦੀ ਨਾ ਮੰਨ,

ਮੈਂ ਅਜ਼ਲਾਂ ਤੋਂ ਮੰਗ ਰਾਂਝੇ ਦੀ ਖੇੜਿਆਂ ਨਾਲ਼ ਨਾ ਟੋਰ।

ਆਪੇ ਕਾਗ਼ਜ਼ ਆਪ ਕਲਮ ਤੇ ਆਪੇ ਬਣੇ ਦਵਾਤ,

ਆਪੇ ਤੁਨਕਾ, ਆਪ ਤਨਾਵਾਂ, ਆਪੇ ਖਿਚੇ ਡੋਰ।

ਉਹਦੇ ਮੇਲ ਦੇ ਮੌਸਮ ਉਤੋਂ ਲੱਖ ਬਹਾਰਾਂ ਸਦਕੇ,

ਮੈਨੂੰ ਬਹਿਣ ਖਲੋਣ ਨਾ ਦੇਂਦਾ ਮਨ ਵਿਚ ਨੱਚਦਾ ਮੋਰ।

ਆਪੇ ਵਾਜ ਏ, ਆਪ ਈ ਚੁੱਪ ਏ, ਆਪੇ ਈ ਸਭ ਅੱਖਰ,

ਆਪੇ ਹੂ ਦੀ ਖੇਡ ਰਚਾਵੇ, ਆਪੇ ਪਾਵੇ ਸ਼ੋਰ।

ਆਪੇ ਸੁਗ਼ਰਾ ਆਪ ਸੱਦਫ਼ ਏ ਮੈਂ ਨਾਹੀਂ ਸਭ ਤੂੰ,

ਤੂੰ ਈ ਅੱਖਾਂ ਅੰਦਰ ਚਮਕੇਂ ਤੂੰ ਈ ਹੂ ਦਾ ਜ਼ੋਰ।

📝 ਸੋਧ ਲਈ ਭੇਜੋ