ਖ਼ੁਦਾ ਮੈਂ ਸਮਝਿਆ ਜਿਸਨੂੰ

ਖ਼ੁਦਾ ਮੈਂ ਸਮਝਿਆ ਜਿਸਨੂੰ ਮੁਹੱਬਤ ਕਰਨ ਤੋਂ ਪਹਿਲਾਂ

ਦਗ਼ਾ ਉਹ ਦੇ ਗਿਆ ਮੈਨੂੰ ਇਨਾਇਤ ਕਰਨ ਤੋਂ ਪਹਿਲਾਂ

ਕਿਵੇਂ ਇਤਬਾਰ ਹੁਣ ਕਰੀਏ ਸ਼ਰੀਫ਼ਾਂ ਦੀ ਸ਼ਰਾਫ਼ਤ ’ਤੇ

ਬੜਾ ਮਾਸੂਮ ਸੀ ਉਹ ਵੀ ਸ਼ਰਾਰਤ ਕਰਨ ਤੋਂ ਪਹਿਲਾਂ

ਕਰੇਗਾ ਕੀ ਭਲਾ ਉਹ ਸ਼ਖ਼ਸ ਕਾਰੋਬਾਰ ਉਲਫ਼ਤ ਦਾ

ਵਫ਼ਾ ਜੋ ਵੇਚ ਆਇਆ ਹੈ ਮਹੂਰਤ ਕਰਨ ਤੋਂ ਪਹਿਲਾਂ

ਹਮਾਇਤ ਦੇ ਬਹਾਨੇ ਮੁਖ਼ਬਰੀ ਸਾਥੀ ਵੀ ਕਰਦੇ ਨੇ

ਨਹੀਂ ਸੀ ਜਾਣਦਾ ਬਾਗ਼ੀ ਬਗ਼ਾਵਤ ਕਰਨ ਤੋਂ ਪਹਿਲਾਂ

ਸਜ਼ਾ ਦਾ ਰੰਜ ਨਾ ਕੋਈ ਗਿਲਾ ਬਸ ਏਸ ਗੱਲ ਦਾ ਹੈ

ਉਹ ਮੇਰੇ ਨਾਲ ਸੀ ਮੇਰੀ ਸ਼ਿਕਾਇਤ ਕਰਨ ਤੋਂ ਪਹਿਲਾਂ

📝 ਸੋਧ ਲਈ ਭੇਜੋ