ਖੁਰੇ ਹੋਏ ਬਾਵੇ

ਹੱਡਾਂ ਦੇ ਟੋਕਰੇ, ਸਾਹਾਂ ਨੇ ਚੁੱਕੇ

ਮਿੱਟੀ ਤੋਂ ਮਿੱਟੀ ਦਾ, ਪੈਂਡਾ ਨਾ ਮੁੱਕੇ

ਧੁੱਪਾਂ ਦੇ ਮੁਖੜੇ, ਜੋ ਕਿਰਨਾ ਦੇ ਪੋਟੇ

ਖ਼ਿਆਲਾਂ ਦੇ ਪਿੰਡੇ ਨੇ, ਵੰਗਾ ਦੇ ਟੋਟੇ

ਬੱਦਲਾਂ ਦੀ ਹਿੱਕ ‘ਤੇ, ਕਣੀਆਂ ਦਾ ਲਿਟਣਾ

ਪਤਝੜ ਦੇ ਹੋਠਾਂ ਨੂੰ, ਪੌਣਾ ਦਾ ਚੁੰਮਣਾ

ਰੁੱਤਾਂ ਨੇ ਰੰਗੇ ਨੇ, ਸੱਧਰਾਂ ਦੇ ਘੱਗਰੇ

ਥਲ਼ਾਂ ‘ਚ ਖਿਲਰੇ ਨੇ, ਸਿਦਕਾਂ ਦੇ ਗਜਰੇ

ਤਾਰਿਆਂ ਦੇ ਘੁੰਗਰੂ ਨੇ, ਖਿੱਤੀਆਂ ਦੇ ਗੇੜੇ

ਤਾਜ਼ਾਂ ਦੇ ਗੁੰਬਦ ਨੇ, ਅੰਮੜੀ ਦੇ ਪੇੜੇ

ਦੁਪੱਟਿਆਂ ਦਾ ਹੁਸਨ, ਰੋਹੀਆਂ ਛਟਨਾ

ਕਜਲੇ ਦੀ ਚੂੰਡੀ ਨੇ, ਘਟਾ ਵਿੱਚ ਵਟਨਾ

ਰੀਝਾਂ ਨਾਲ਼ ਕੱਢੇ ਜੋ, ਚਾਵਾਂ ਨਾ' ਪਰੋਏ

ਭੌਰ ਵੇਲ਼ੇ ਉੱਠ ਪੈਣੇ, ਸੋਤਿਆਂ ਦੇ ਸੋਏ

ਮਿੱਟੀ ਨਾ ਜੇ ਮਿੱਟੀਆਂ ਦਾ ਦਰਦ ਵੰਡਾਵੇ

ਆਪਣੇ ਹੀ ਹੰਝੂਆਂ ਨਾ' ਖੁਰ ਜਾਂਦੇ ਬਾਵੇ।

📝 ਸੋਧ ਲਈ ਭੇਜੋ