ਆ ਮੇਰੇ ਬੱਚੇ
ਖੁਸ਼-ਆਮਦੀਦ !
ਇਸ ਬ੍ਰਹਿਮੰਡ ਦੇ ਸਾਂਝੀ ਹੁੰਦਿਆਂ -
ਰਾਤ ਦੀਆਂ ਰਾਣੀਆਂ ਦੀ ਖੁਸ਼ਬੂ ਤੋਂ ਬਾਅਦ
ਤੇ ਸੁੱਚੇ ਸ਼ਹਿਦ ਦੀ ਗੁੜ੍ਹਤੀ ਤੋਂ ਬਾਅਦ
ਮਾਰਨੇ ਪੈਣੇ ਹੰਭਲ਼ੇ
ਕਰਨੀ ਹੋਵੇਗੀ ਜਦੋ-ਜਹਿਦ ਤੈਨੂੰ
ਕਿ ਜ਼ਲੀਲਤਾ ਦੀ ਹਵਾੜ ਦਾ ਸੰਗੀ ਨਾ ਹੋਣਾ ਪਵੇ !
ਤੈਨੂੰ ਖੜ੍ਹਨਾ ਨਾ ਪਵੇ-
ਝੂਠ ਨੂੰ ਸੱਚ
ਤੇ ਸੱਚ ਨੂੰ ਝੂਠ ‘ਚ ਬਦਲਦੇ ਪੰਡਾਲਾਂ ‘ਚ!
ਸ਼ਾਮਲ ਨਾ ਹੋਣਾ ਪਵੇ -
ਮਨੁੱਖਤਾ ਦੇ ਕਤਲ ‘ਚ ਮਨਾਏ ਜਸ਼ਨਾਂ ‘ਚ
ਤੇ ਗੁੰਗੀਆਂ ਜ਼ੁਬਾਨਾਂ ਦੀਆਂ ਮਹਿਫ਼ਲਾਂ ‘ਚ !
ਹੋਣਾ ਹੋਵੇਗਾ ਦ੍ਰਿੜ੍ਹ
ਕਾਂ ਕਿ ਮੜਕ ਢਿੱਲੀ ਨਾ ਹੋਵੇ,
ਭਾਵਕਤਾ ਦੀ ਸਲ੍ਹਾਬ ‘ਚ
ਤੇ ਨੱਕ ਘੁੱਟ ਨਾ ਹੁਜ਼ਰਨਾ ਪਵੇ
ਹੀਣਤਾ ਦੀ ਗ਼ਰਜ਼ ਚੋਂ !
ਛਿੱਕਾਂ ਵੀ ਨਾ ਆਉਣ ਤੈਨੂੰ
ਈਰਖਾ ਦੀ ਐਲਰਜੀ ਤੋਂ !
ਭਰਨੇ ਨਾ ਪੈਣ ਕੌੜੇ ਘੁੱਟ
ਗ਼ਰੂਰਤਾ ਦੀ ਕੁਨੀਨ ਦੇ !
ਲੋਹਾ ਲਾਖ਼ਾ ਹੁੰਦਿਆਂ ਮੁਹਤਾਜ ਨਾ ਹੋਵੇਂ
ਬਰਾਛਾਂ ਖਿਲਾਰ ਕੇ ਝੂਠੀ ਮੁਸਕਾਨ ਦਾ !
ਨਾ ਨਪੀੜਨੀਆਂ ਪੈਣ ਚੀਸਾਂ
ਕੌੜੀਆਂ-ਕਸੈਲੀਆਂ ਸੁਣਕੇ !
ਜ਼ੁਲਮ ਦੇ ਪੰਜਿਆਂ ਦਾ ਮੂੰਹ
ਜਾਲਮ ਵੱਲ ਕਰਨਾ ਹੋਵੇਗਾ !
ਤਾਂ ਕਿ ਪੈਂਡਾ ਕਬਰਾਂ ਖਰੂਦ ਕੇ,
ਲਾਸ਼ਾਂ ਲਿਤਾੜ ਕੇ ਨਾ ਕਰਨਾ ਪਵੇ !
ਕਈਆਂ ਅੱਖਾਂ ਚ ਨਾ ਰੜਕੇਂ ਤੂੰ ਵੀ
ਜ਼ਿੰਦਾ-ਦਿਲੀ ਦੀ ਦਹਿਲੀਜ਼ ਤੇ ਦਸਤਕ ਦੇ ਕੇ !
ਨਹੀਂ ਉੱਠ ਸਕਣੇ ਤ੍ਰਿਸ਼ੂਲ ਤੇ ਕਿਰਪਾਨਾਂ
ਸੱਚ ਦੀ ਹਿੱਟਕੀ ਨੂੰ ਦੱਬਣ ਲਈ !
ਤੈਨੂੰ ਚੁਫੇਰਿਓਂ ਘੇਰ ਕੇ ਹੀਆ ਨਹੀਂ ਪੈਣਾ ਭੀੜ ਦਾ
ਧਰਮ ਦਾ ਰੱਸਾ ਲੈ ਕੇ ਨੱਥ ਮਾਰਨ ਲਈ !
ਨਾ ਸਿੱਖੇਂਗਾ ਪੈਂਤੜੇ
ਗਿਰਗਟ ਵਾਂਗ ਰੰਗ ਬਦਲਣ ਦੇ !
ਤੈਨੂੰ ਜ਼ਰੂਰ ਸੁਣਾਈ ਦੇਵੇਗੀ
ਢਹਿੰਦੀ ਮਸਜਿਦ ਦੀ ਲੇਰ
ਧਰਮ ਨਿਰਪੱਖਤਾ ਦੇ ਨਾਹਰਿਆਂ ਦੀ ਗੂੰਜ ਚੋਂ !
ਤਾਰਿਆਂ ਦਾ ਛਾਵੇਂ ਬੈਠਾ
ਸਰਘੀ ਦੇ ਚਾਨਣ ਨੂੰ ਚਿਤਰੇਂਗਾ !
ਖ਼ੈਰ, ਸਭ ਕੁਝ ਹੁੰਦਿਆਂ
ਸਿਖਾਉਣਾ ਹੋਵੇਗਾ ਵਹਿਣਾ
ਸਹਿਕਦੀਆਂ ਪੌਣਾ ਤੇ ਸੁਲਗਦੀਆਂ ਲਹਿਰਾਂ ਨੂੰ !
ਇਹ ਅੜਿੱਕਾ ਦੌੜ ਦੌੜਦਿਆਂ
ਜਜ਼ਬੇ ਤੇ ਸ਼ਿੱਦਤ ਨਾਲ ਲਾਵੇਂਗਾ
ਜੇਤੂ ਰਿਬਨ ਨੂੰ ਹੱਥ !
ਆ ਮੇਰੇ ਬੱਚੇ ਸੁਮੀਤ
ਖ਼ੁਸ਼-ਆਮਦੀਦ !
ਹੰਭਲੇ ਮਾਰ ਤੇ ਜਦੋ-ਜਹਿਦ ਕਰ
ਆ ਇਸ ਯੁੱਗ ਦੇ ਮੇਦੀਆਂ ਦਾ ਮੀਤ ਬਣ !