ਕੀ ਪਤਾ ਉਸ ਨੇ ਕਦੋਂ

ਕੀ ਪਤਾ ਉਸ ਨੇ ਕਦੋਂ ਹੈ ਆਵਣਾ 

ਰਾਤ ਐਵੇਂ ਖੜ ਰਹੀ ਤਾਰੇ ਜੜੀ । 

ਬਾਂਗ ਨਾ ਦਿੱਤੀ ਸੁਬ੍ਹਾ ਨੇ ਵੀ ਅਜੇ 

ਕਿਸ ਕਾਫ਼ਰ ਨਮਾਜ਼ ਪਹਿਲਾਂ ਜਾਂ ਪੜ੍ਹੀ । 

ਰਾਤ ਸਾਰੀ ਚਾਨਣੀ ਸਿੰਮਦੀ ਰਹੀ 

ਤੜਕ ਸਾਰੇ ਇਹ ਕਿੱਥੋਂ ਲਾਲੀ ਚੜ੍ਹੀ । 

ਕੜਕਦੀ ਧੁੱਪੇ ਜੋ ਪੰਛੀ ਬੋਲਿਆ 

ਜਾਨ ਉਹਦੀ ਜਿਸਮ ਦੇ ਪਿੰਜਰੇ ਅੜੀ । 

ਕੁਝ ਤਾਂ ਐਵੇਂ ਆਪ ਮੈਂ ਸੰਗਦਾ ਰਿਹਾ 

ਕੁਝ ਉਹਦੀ ਅੱਖੀਆਂ 'ਚ ਸੀ ਲੱਜਿਆ ਬੜੀ । 

ਪੱਗ ਬਦਲ ਕੇ ਰੋਜ਼ ਜੋ ਬੰਨ੍ਹਦਾ ਰਿਹਾ 

ਓਸ ਦੀ ਲੋਕਾਂ 'ਚ ਹੈ ਚਰਚਾ ਬੜੀ । 

ਕੌਣ ਸੀ ਆਇਆ ਜੋ ਮੇਰੀ ਕਬਰ 'ਤੇ 

ਮੂੰਹ ਉਦਾਸੀ ਹੱਥ 'ਚ ਲੈ ਫੁੱਲਝੜੀ

📝 ਸੋਧ ਲਈ ਭੇਜੋ