ਕਿਹਾ ਸੀ ਤਰਸਕੇ ਜਿਸਨੇ ਕਿ ਪਿਆਰ ਦੇ ਮੈਨੂੰ।
ਉਸੇ ਦੀ ਚੁੱਪ ਹੁਣ ਆਖੇ ਵਿਸਾਰ ਦੇ ਮੈਨੂੰ ।
ਰਹਾਂਗੇ ਹਮਸਫ਼ਰ ਬਣਕੇ ਸੀ ਜਿਸਦੀ ਜ਼ਿੱਦ ਓਹੀ,
ਅਚਾਨਕ ਰਾਹ ਵਿੱਚ ਕਹਿੰਦਾ ਉਤਾਰ ਦੇ ਮੈਨੂੰ ।
ਮੁਹੱਬਤ ਪਾਕ ਮੰਗਦਾਂ ਜਿਉਂ ਖਿਡਾਉਣਾ ਮੰਗਦੈ ਬੱਚਾ,
ਨਹੀਂ ਖ਼ਾਹਿਸ਼ ਕਿ ਤੂੰ ਸਾਰਾ ਬਾਜ਼ਾਰ ਦੇ ਮੈਨੂੰ ।
ਅਧੂਰੇ ਜੀਣ ਨਾਲ਼ੋਂ ਆ ਕਦੇ ਹੁਣ ਸੁਰਖੁਰੂ ਹੋਈਏ,
ਮੁਕੰਮਲ ਹਾਰ ਜਾ ਮੈਥੋਂ ਜਾਂ ਹਾਰ ਦੇ ਮੈਨੂੰ ।
ਇਸਤੋਂ ਪਹਿਲਾਂ ਕਿ ਮੈਂ ਆਪਣੇ ਸਮੇਂ ਨੂੰ ਗੁਜ਼ਰਿਆ ਵੇਖਾਂ,
ਗੁਜ਼ਾਰਿਸ਼ ਵਕਤ ਨੂੰ ਹੈ ਕਿ ਗੁਜ਼ਾਰ ਦੇ ਮੈਨੂੰ ।
ਮੇਰਾ ਵਾਅਦਾ ਹੈ ਕਿ ਤੇਰਾ ਤਸੱਵਰ ਮੋੜ ਦੇਵਾਂਗਾ,
ਕਰੀਂ ਵਿਸ਼ਵਾਸ਼ ਤੂੰ ਥੋੜਾ ਉਧਾਰ ਦੇ ਮੈਨੂੰ ।
ਜਸ਼ਨ ਜਿਸਦਾ ਰਹੇ ਹੁੰਦਾ ਸਦੀਵੀ ਜਾਣ ਪਿੱਛੋਂ ਵੀ
ਕੋਈ ਹੈ ਜ਼ਿੰਦਗੀ ਤਾਂ ਉਹ ਤਿਉਹਾਰ ਦੇ ਮੈਨੂੰ ।