ਕਿੰਨਾ ਸੌਖਾ ਹੁੰਦੈ
ਮੋਹ-ਭਿੱਜੇ ਪਲਾਂ 'ਚ
ਕਿਸੇ ਦੇ ਸਦਾ-ਸਦਾ ਲਈ ਹੋ ਜਾਣਾ
ਜਾਂ ਕਿਸੇ ਨੂੰ ਆਪਣਾ ਬਣਾ ਲੈਣਾ
ਸਮੇਂ ਦੇ ਸੱਚ ਨੂੰ
ਛਿੱਕੇ 'ਤੇ ਟੰਗ ਕੇ
ਕਿਸੇ ਰੇਸ਼ਮੀ ਸੁਫ਼ਨੇ ਨੂੰ
ਸਾਕਾਰ ਹੁੰਦਾ ਵੇਖਣ ਲਈ
ਤਰਲੋ-ਮੱਛੀ ਹੋਏ ਫਿਰਨਾ
ਤੇ ਅੰਬਰਾਂ ਜਿੱਡੇ ਵਾਅਦੇ ਕਰਨਾ
ਵਾਅਦੇ
ਜੋ ਕਦੇ ਵੀ ਟੁੱਟ ਸਕਦੇ ਹਨ
ਵਾਅਦੇ
ਜਿੰਨਾ ਵਿੱਚ ਕਦੇ ਵੀ
ਗੁੰਝਲਾਂ ਪੈ ਸਕਦੀਆਂ ਹਨ
ਵਾਅਦੇ
ਜਿੰਨ੍ਹਾਂ 'ਤੇ ਤੁਰਦਿਆਂ
ਕਦੇ ਵੀ ਪੈਰ ਤਿਲਕ ਸਕਦੇ ਹੋਣ
ਵਾਅਦੇ,
ਜੋ ਕਦੇ ਵੀ
ਕਿਸੇ ਹੋਰ ਨਾਲ ਕੀਤੇ ਜਾ ਸਕਦੇ ਹੋਣ
ਵਾਅਦੇ
ਜੋ ਮਹਿਜ਼ ਵਾਅਦੇ ਹੀ ਹੁੰਦੇ ਨੇ
ਵਾਅਦੇ,
ਜੋ ਸਿਰਫ਼ ਰਸਮੀ ਤੌਰ ਤੇ ਕੀਤੇ ਜਾਂਦੇ ਹਨ
ਦਿਲ ਜਿੱਤਣ ਲਈ
ਜਾਂ ਤੋੜਨ ਲਈ
ਵਾਅਦੇ,
ਤਾਂ ਮੁਹੱਬਤ ਦੇ ਪੈਮਾਨੇ ਹੁੰਦੇ ਨੇ
ਜਿੰਨ੍ਹਾਂ ਦੇ ਟੁੱਟਣ ਨਾਲ
ਬਹੁਤ ਕੁਝ ਟੁੱਟ ਭੱਜ ਜਾਂਦਾ ਹੈ
ਪਰ ਕਿੰਨਾ ਸੌਖਾ ਹੁੰਦੈ
ਵਾਅਦੇ ਕਰਦੇ ਰਹਿਣਾ
ਤੇ ਤੋੜਦੇ ਰਹਿਣਾ
ਜਿਊਣ ਲਈ ਕੁਝ ਭਰਮ ਸਿਰਜਦੇ ਰਹਿਣਾ