ਕਿਸ ਮੋੜ ’ਤੇ ਉਸ ਨਾਲ ਮੇਰਾ ਬਣ ਗਿਆ ਹੈ ਰਾਬਤਾ
ਏਥੇ ਤਾਂ ਕੋਈ ਪਿਆਰ ਨੂੰ ਦੇਂਦਾ ਨਹੀਂ ਹੈ ਮਾਨਤਾ
ਨਜ਼ਦੀਕੀਆਂ ’ਚੋਂ ਦੂਰੀਆਂ ਮਿਟੀਆਂ ਨਹੀਂ ਤਾਂ ਨਾ ਸਹੀ
ਇਹ ਫ਼ਾਸਲੇ ਵੀ ਠੀਕ ਨੇ ਕਾਇਮ ਰਹੇ ਜੇ ਨੇੜਤਾ
ਕੈਸਾ ਵਿਡੰਬਨ ਭਾਅ ਗਈ ਮੈਨੂੰ ਜਿਦ੍ਹੀ ਦਾਨਿਸ਼ਵਰੀ
ਉਸਨੂੰ ਪਸੰਦ ਆਈ ਹਮੇਸ਼ਾ ਹੀ ਮੇਰੀ ਅਗਿਆਨਤਾ
ਹੈਰਾਨ ਹਾਂ ਮੈਂ ਉਸ ਨਦੀ ’ਚੋਂ ਕੀ ਪਿਆ ਹਾਂ ਭਾਲਦਾ
ਜੋ ਆਪ ਜੀ ਸਾਗਰ ਕਿਸੇ ਵਿਚ ਹੋ ਗਈ ਹੈ ਲਾਪਤਾ
ਉਸਨੇ ਉਦਾਸੀ ਦੀ ਵਜ੍ਹਾ ਦੱਸੀ ਨਹੀਂ ਬਸ ਇਹ ਕਿਹਾ
‘ਭਰਦਾ ਰਿਹਾ ਸੂਰਜ ਕਦੇ ਮੇਰਾ ਵੀ ਪਾਣੀ ਦੋਸਤਾ’
ਗ਼ੁਸਤਾਖ਼ੀਆਂ ਤੋਂ ਪੌਣ ਨੂੰ ਵੀ ਤਾਂ ਕਦੇ ਵਰਜੋ ਤੁਸੀਂ
ਬਸ ਬਿਰਖ ਨੂੰ ਹੀ ਕਿਉਂ ਸਿਖਾਈ ਜਾ ਰਹੇ ਹੋ ਜ਼ਾਬਤਾ
ਹੁਣ ਚੱਲ ‘ਅਮਰ’ ਕੁਝ ਸਿਰਫਿਰੇ ਲੋਕਾਂ ਦੀ ਸੰਗਤ ਮਾਣੀਏ
ਮੁਸ਼ਕਿਲ ਹੈ ਸਹਿਣੀ ਹੋਰ ਹੁਣ ਦਾਨਿਸ਼ਵਰਾਂ ਦੀ ਵਾਰਤਾ