ਕਿਸੇ ਮੁਸਕਾਨ ’ਤੇ ਨਾਦਾਨ ਦਿਲ

ਕਿਸੇ ਮੁਸਕਾਨ ’ਤੇ ਨਾਦਾਨ ਦਿਲ ਕੁਰਬਾਨ ਕਰ ਬੈਠੇ

ਹਵਾਲੇ ਹੰਝੂਆਂ ਦੇ ਜਾਣ ਬੁੱਝ ਕੇ ਜਾਨ ਕਰ ਬੈਠੇ

ਸ਼ਮਾਂ ਦਿਲਕਸ਼ ਹੀ ਏਨੀ ਸੀ ਕਿ ਪਰਵਾਨੇ ਵੀ ਕੀ ਕਰਦੇ

ਨਜ਼ਾਰੇ ਵਾਸਤੇ ਉਹ ਮੌਤ ਵੀ ਪ੍ਰਵਾਨ ਕਰ ਬੈਠੇ

ਮੇਰੇ ਉਹ ਖ਼ਾਬ ਸਾਰੀ ਰਾਤ ਸੂਰਜ ਵਾਂਗ ਬਲਦੇ ਨੇ

ਨਦੀ ਇਕ ਸਾਂਵਲੀ ਵਿਚ ਜੋ ਕਦੇ ਇਸ਼ਨਾਨ ਕਰ ਬੈਠੇ

ਨਹੀਂ ਸਾਂ ਜਾਣਦੇ ਤੂਫ਼ਾਨ ਉਸਦੇ ਹੇਠ ਲੁਕਿਆ ਹੈ

ਬਿਠਾ ਪਲਕਾਂ ’ਤੇ ਜਿਹੜੀ ਪੌਣ ਦਾ ਸਨਮਾਨ ਕਰ ਬੈਠੇ

ਗਿਲਾ ਇਸ ਗੱਲ ਦਾ ਹੈ ਉਸਨੇ ਕਦਰ ਪਾਈ ਨਾ ਫੁੱਲਾਂ ਦੀ

ਗਿਲਾ ਬਿਲਕੁਲ ਨਹੀਂ ਕਿ ਬਾਗ਼ ਨੂੰ ਵੀਰਾਨ ਕਰ ਬੈਠੇ

ਪਤਾ ਤਾਂ ਸੀ ਕਿ ਦੁਰਘਟਨਾ ਘਟੇਗੀ ਲਾਜ਼ਮੀ ਫਿਰ ਵੀ

ਸਮਰਪਿਤ ਪੱਥਰਾਂ ਨੂੰ ਕੱਚ ਦਾ ਸਾਮਾਨ ਕਰ ਬੈਠੇ

ਸੁਖੀ ਕਿੰਨਾ ਕੁ ਨੇ ਉਹ ਬੇਰੁਖ਼ੀ ਕਰਕੇ ਖ਼ੁਦਾ ਜਾਣੇ

ਅਸੀਂ ਤਾਂ ਬੇਖ਼ੁਦੀ ਵਿਚ ਆਪਣਾ ਨੁਕਸਾਨ ਕਰ ਬੈਠੇ

ਚੁਫ਼ੇਰੇ ਦੌੜ ਅੰਨ੍ਹੀ ਹੋਰ ਕਿੰਨੀ ਦੇਰ ਵੇਖਾਂਗੇ

ਅਸੀਂ ਇਹ ਸੋਚ ਨੇਤਰਦਾਨ ਦਾ ਐਲਾਨ ਕਰ ਬੈਠੇ

📝 ਸੋਧ ਲਈ ਭੇਜੋ