ਕੀਤੀ ਨਹੀਂ ਮੇਰੀ ਪ੍ਰਵਾਹ

ਜਦੋਂ ਕਿਸੇ ਨੇ ਉੱਕਾ ਕੀਤੀ ਨਹੀਂ ਮੇਰੀ ਪ੍ਰਵਾਹ।

ਮੈਂ ਆਪਣੀ ਫੁੱਲਾਂ ਜਿਹੀ ਸੱਧਰ ਕਾਹਨੂੰ ਲਾਵਾਂ ਫਾਹ।

ਰੱਬ ਕਰੇ ਉਹ ਖ਼ੈਰ ਥੀਂ ਆਵੇ ਚਿੱਟੀ ਘੋੜੀ ਵਾਲਾ,

ਦੀਵਾ ਬਾਲ ਬਨੇਰੇ ਉੱਤੇ ਵੇਖਾਂ ਜਿਸ ਦੀ ਰਾਹ।

ਚਿੱਟੇ ਦੇਂਹ ਵਿਚ ਮਜਮੇ ਅੰਦਰ ਸੱਚ ਕਤਲ ਚਾ ਕੀਤਾ,

ਕੂੜੀ ਦੁਨੀਆ ਦੇ ਵਿਚ ਸੱਚ ਦਾ ਬਣੇ ਨਾ ਕੋਈ ਗਵਾਹ।

ਰੂਪ ਵਟਾਈ ਫਿਰਦੇ ਇੱਥੇ ਗ਼ਰਜ਼ਾਂ ਲੋਭਾਂ ਵਾਲੇ,

ਤੂੰ ਤੇ ਆਪਣੀ ਧੌਣ ਤੋਂ ਅੜਿਆ ਨਕਲੀ ਚਿਹਰਾ ਲਾਹ।

ਚਾਰੇ ਪਾਸੇ ਦਿਸਦਾ ਮੈਨੂੰ ਉਹੋ ਯਾਰ ਸਲੋਣਾ,

ਸਿੱਧੀ ਉਹਦੇ ਘਰ ਵੱਲ ਜਾਂਦੀ ਦਿਲ ਦੀ ਹਰ ਇੱਕ ਰਾਹ।

ਪਰਤ ਕੇ ਜਾ ਸੱਜਣਾ! ਹੁਣ ਤੇ ਪਰਤ ਕੇ ਆਈਆਂ ਰੁੱਤਾਂ,

ਤੇਰੇ ਆਣ ਤੋਂ ਪਹਿਲਾਂ ਕਿਧਰੇ ਮੁੱਕ ਨਾ ਜਾਵਣ ਸਾਹ।

ਰੋਜ਼ ਚੰਨ ਚੜ੍ਹਾ ਛੱਡਦੇ ਨੇ ਭੋਇਂ ਤੇ ਜ਼ਾਲਮ ਵਾਸੀ,

ਗੱਲਾਂ ਦੇ ਸੰਗ ਲੋਕੀ ਅੰਬਰੋਂ ਤਾਰੇ ਲੈਂਦੇ ਲਾਹ।

ਹਰ ਕੋਈ ਹਿਜਰ ਦੇ ਰੋਣੇ ਰੋਂਦਾ ਕਰ ਵਸਲਾਂ ਦਾ ਚੇਤਾ,

ਕੋਈ ਨਹੀਂ ਮੇਰੇ ਜਿਹਾ ਇਕੱਲਾ ਦੁਨੀਆ ਛੱਡੀ ਗਾਹ।

ਯਾਦ ਕਿਸੇ ਨਹੀਂ ਕੀਤਾ ਸਾਨੂੰ ਯਾਦ ਨਾ ਕੋਈ ਆਇਆ,

ਫ਼ਿਰ ਕਿਉਂ ਆਪ ਮੁਹਾਰੀਆਂ ਯਾਦਾਂ ਡੰਗਣ ਅੰਨ੍ਹੇਵਾਹ।

ਆਪੇ ਰਾਂਝਾ ਜੋਗੀ ਬਣਿਆ ਨਾਥ ਸਦਾਵਣ ਵਾਲਾ,

ਹੀਰ ਦਾ ਧਾਰਨ ਧਾਰ ਕੇ ਆਇਆ ਸੱਯਦ ਵਾਰਿਸ ਸ਼ਾਹ।

 

ਉਹ ਦਰਸ਼ਨ ਦੀਦਾਰ ਨਾ ਦੇਵੇ ਸੁਗ਼ਰਾ ਨੈਣ ਤਿਆਹੇ,

ਉਹਦਾ ਵੇਖਣ ਬਣਿਆ ਫਿਰਦਾ ਅੱਖ ਮੇਰੀ ਦਾ ਫਾਹ।

📝 ਸੋਧ ਲਈ ਭੇਜੋ