ਕੋਈ ਮਨ ਦੇ ਬੰਦ ਬੂਹੇ

ਕੋਈ ਮਨ ਦੇ ਬੰਦ ਬੂਹੇ

ਖੋਲ੍ਹ ਕੇ ਆਉਂਦਾ ਹੈ ਰੋਜ਼ । 

ਚੁੱਪ ਦੀ ਕੋਰੀ ਕਬਰ ਨੂੰ 

ਕੇ ਰੁਸ਼ਨਾਉਂਦਾ ਹੈ ਰੋਜ਼ । 

ਵਾਅਦੇ ਕਰਕੇ ਪਰਤੀਆਂ ਨਾ 

ਸੀ ਹਵਾਵਾਂ ਇਸ ਲਈ 

ਬਿਰਖ ਅਪਣੇ ਪੱਤਿਆਂ ‘ਤੇ 

ਨਾਮ ਲਿਖਵਾਉਂਦਾ ਹੈ ਰੋਜ਼

ਚੁੱਪ ਹਾਂ ਜਾਂ ਲਿਖ ਰਿਹਾਂ ਕੁੱਝ

ਉਸਨੂੰ  ਹੈ ਇਹ ਵੀ ਗਿਲਾ

ਕਿ ਕਿਉਂ ਕੋਈ ਯਾਦ ਕਰਕੇ 

ਉਸਨੂੰ ਤੜਪਾਉਂਦਾ ਹੈ ਰੋਜ਼ । 

ਪਾਰਦਰਸ਼ੀ ਹੋ ਗਈ ਹੈ 

ਜ਼ਿੰਦਗੀ ਦੀ ਹਰ ਦੀਵਾਰ

ਦਿਸੇ ਬੰਦਾ ਪਰ ਸੁਣੇ ਨਾ 

ਗੀਤ ਜੋ ਗਾਉਂਦਾ ਹੈ ਰੋਜ਼

ਮੈਂ ਕਿਹਾ ਮੇਰੇ ਖ਼ੁਦਾ 

ਇੱਕ ਵਾਰ ਤਾਂ ਉਸਨੂੰ ਮਿਲਾ

ਕਹਿਣ ਲੱਗਾ ਕੌਣ ਪਾਗ਼ਲ 

ਏਦਾਂ ਮਿਲਵਾਉਂਦਾ ਹੈ ਰੋਜ਼

ਹੁਣ ਪੁਲ਼ਾਂ ਬਿਨ ਮਾਣਦਾ 

ਲਹਿਰਾਂ ਕਿਨਾਰੇ ‘ਤੇ ’ਅਜ਼ੀਮ’, 

ਗ਼ੈਰਹਾਜ਼ਿਰ ਬੇੜੀਆਂ ਦੀ ਹਾਜ਼ਰੀ ਲਾਉਂਦਾ ਹੈ ਰੋਜ਼ । 

📝 ਸੋਧ ਲਈ ਭੇਜੋ