ਜਿੰਦੇ ਨੀ ਕੌਣ ਗੀਤ ਤੇਰਾ ਗਾਏ
ਹਰ ਇਕ ਸ਼ਬਦ ਸੰਧੂਰੀ ਰੰਗ ਦਾ
ਅਰਥਾਂ ਤੋਂ ਸ਼ਰਮਾਏ
ਗੀਤ ਮੇਰੇ ਦੇ ਹਰ ਅੱਖਰ ਵਿੱਚ
ਮਹਿਕ ਹੈ ਸੰਦਲੀ ਸਾਹਾਂ ਦੀ
ਜਿਸ ਗਲੀਓਂ ਸਾਡਾ ਯਾਰ ਗੁਜਰਦਾ
ਧੂੜ ਹਾਂ ਉਹਨਾਂ ਰਾਹਾਂ ਦੀ
ਹਾੜਾ ਵੇ ! ਕੋਈ ਦਏ ਦਿਲਾਸਾ
ਪੈਰ ਨਾ ਪੁੱਟਿਆ ਜਾਏ
ਗੀਤ ਮੇਰਾ ਉਸ ਬੋਹੜ ਦੀ ਟਾਹਣੀ
ਜਿੱਥੇ ਕੁੜੀਆਂ ਝੂਟਣ ਪੀਂਘਾਂ
ਆਪ ਤਾਂ ਝੱਟ ਘਰੀਂ ਤੁਰ ਜਾਵਣ
ਸਾਡੇ ਨੈਣ ਨਾ ਨੀਂਦਾਂ
ਅਸੀਂ ਉਨੀਂਦੇ ਕਈ ਜਨਮ ਤੋਂ
ਕੋਈ ਨੀਂਦਰ ਬਣਕੇ ਆਏ
ਤਾਰੇ ਤਾਂ ਟੁੱਟਦੇ ਲੱਗੀ ਵਾਂਗੂ
ਸੂਰਜ ਕੱਲ ਮੁਕੱਲਾ
ਅੱਜ ਡੁੱਬਕੇ ਕੱਲ ਫਿਰ ਚੜ੍ਹ ਆਵੇ
ਲੈ ਕਿਰਨਾਂ ਦਾ ਪੱਲਾ
ਚੰਨ ਵਰਗੇ ਨਿਰਮੋਹੀ ਮਿਤਰਾ
ਕੇਹੜਾ ਤੋੜ ਨਿਭਾਏ
ਮੋਹ ਦਾ ਸਾਧੂ ਦਰ ਤੋਂ ਮੁੜਜੇ
ਸੁਪਨੇ ਜਾਣ ਸਰਾਪੇ
ਕੋਈ ਇਛਰਾਂ ਪੂਰਨ ਨਾ ਜੰਮੇ
ਜੀਂਦੇ ਮਰ ਜਾਣ ਮਾਪੇ
ਸਭੇ ਗੀਤ ਮੇਰੇ ਲੂਣਾ ਵਰਗੇ
ਜੋਬਨ ਕੌਣ ਹੰਢਾਏ
ਗੀਤ ਮੇਰੇ ਦੀਆਂ ਸਭੇ ਸਧਰਾਂ
ਸੁਪਨਾ ਜਿਵੇਂ ਕੁਆਰੀ ਦਾ
ਨਵੀਂ ਵਿਆਂਦੜ ਦੀ ਸੰਗ ਵਰਗਾ
ਜਦ ਪਾਣੀ ਸਿਰ ਤੋਂ ਵਾਰੀ ਦਾ
ਜਿੰਦ-ਕਸਤੂਰੀ ਮਹਿਕਾਂ ਵੰਡਦੀ
ਅੱਜ ਝੋਲੀ ਕੌਣ ਪੁਆਏ
ਮੋਹ ਦਾ ਸਾਕ ਜਿਨਾ ਸੰਗ ਕੀਤਾ
ਬਣਗੇ ਵਾਂਗ ਸ਼ਰੀਕਾਂ
ਦੁੱਧ ਦਾ ਰੂਪ ਧਾਰਕੇ ਆਏ
ਅੱਜ ਪਾਣੀ ਦੀਆਂ ਲੀਕਾਂ
ਅੱਧ-ਅਸਮਾਨੀ ਹੂਕ ਹਿਜਰ ਦੀ
ਜਿੰਦ ਕੂੰਜ ਵਾਂਗ ਕੁਰਲਾਏ
ਗੀਤ ਮੇਰੇ ਦਿਆਂ ਨੈਣਾਂ ਦੇ ਵਿੱਚ
ਸੁਪਨੇ ਲੱਖ ਦਰਿਆਵਾਂ ਦੇ
ਮੋਏ ਪੁੱਤ ਨੂੰ ਰੋਜ਼ ਉਡੀਕਣ
ਦਰਦ ਅਜਿਹੀਆਂ ਮਾਵਾਂ ਦੇ
ਪੁੱਤ ਜੰਮਕੇ ਵੀ ਬਨਣ ਨਾ ਮਾਵਾਂ
ਮੇਰੇ ਗੀਤ ਉਹਨਾਂ ਦੇ ਜਾਏ
ਜਿੰਦੇ ਨੀ ਕੌਣ ਤੇਰਾ ਗਾਏ
ਹਰ ਇਕ ਸ਼ਬਦ ਸੰਧੂਰੀ ਰੰਗ ਦਾ
ਅਰਥਾਂ ਤੋਂ ਸ਼ਰਮਾਏ