ਕੋਈ ਵੀ ਰਾਹ ਨਹੀਂ ਹੈ ਆਸਾਨ ਜ਼ਿੰਦਗੀ ਦਾ
ਹਰ ਮੋੜ ’ਤੇ ਪਿਆ ਹੈ ਸਾਮਾਨ ਖ਼ੁਦਕੁਸ਼ੀ ਦਾ
ਗ਼ੈਰਾਂ ਦੇ ਵਾਰ ’ਤੇ ਵੀ ਉਹ ਦਾਦ ਦੇ ਰਹੇ ਨੇ
ਉਹ ਖ਼ੂਬ ਜਾਣਦੇ ਨੇ ਅੰਦਾਜ਼ ਦੁਸ਼ਮਣੀ ਦਾ
ਸਿਰ ’ਤੇ ਖੜਾ ਸੀ ਕਾਤਿਲ, ਬਚਣਾ ਬੜਾ ਸੀ ਮੁਸ਼ਕਿਲ
ਹੋਇਆ ਜਦੋਂ ਸੀ ਮੈਨੂੰ ਅਹਿਸਾਸ ਬੇਖ਼ੁਦੀ ਦਾ
ਤੇਰੇ ਬਗੈਰ ਵੀ ਹੈ ਹਰ ਚੀਜ਼ ਥਾਂ ਟਿਕਾਣੇ
ਬਸ ਗੁੰਮ ਹੋ ਗਿਆ ਹੈ ਇਤਬਾਰ ਆਦਮੀ ਦਾ
ਐਵੇਂ ਜਵਾਰਭਾਟਾ ਬਦਨਾਮ ਹੋ ਗਿਆ ਹੈ
ਸਾਰਾ ਕਸੂਰ ਤਾਂ ਹੈ ਉਸ ਰਾਤ ਚਾਨਣੀ ਦਾ
ਮਹਿਫ਼ਿਲ ਦਾ ਕੀ ਮਜ਼ਾ ਹੈ ਜੇਕਰ ‘ਅਮਰ’ ਨ ਆਇਆ
ਉਸਦੇ ਕਲਾਮ ਅੰਦਰ ਹੈ ਰੰਗ ਪੁਖ਼ਤਗੀ ਦਾ