ਕੋਠੇ ਤੋਂ ਉੱਡ ਕਾਵਾਂ ਜਾ ਪੁੱਛ ਵੇ ਰੁੱਖਾਂ ਨੂੰ
ਕਿਸ ਮੈਲਾ ਕੀਤਾ ਏ, ਮੇਰੇ ਪਿੰਡ ਦੀਆਂ ਧੁੱਪਾਂ ਨੂੰ
ਕੋਠੇ ਤੋਂ ਉੱਡ ਕਾਵਾਂ ਜਾ ਮਿਲ ਆ ਰੁੱਖਾਂ ਨੂੰ
ਮਾਵਾਂ ਨੇ ਕਦ ਮਿਲਣੈ, ਰੋਹੀਏ ਗਏ ਪੁੱਤਾਂ ਨੂੰ
ਕੋਠੇ ਤੋਂ ਉੱਡ ਕਾਵਾਂ ਇਹ ਝੱਖੜਾਂ ਝੰਬਿਆ ਹੈ
ਕਿੰਝ ਸਾਡੇ ਪਾਣੀ ਨੂੰ, ਇੰਝ ਲਹੂ ਵਿੱਚ ਰੰਗਿਆ ਹੈ
ਕੋਠੇ ਤੋਂ ਉੱਡ ਕਾਵਾਂ ਉੱਡ ਬੈਠ ਕਰੀਰਾਂ ਤੇ
ਕੰਧਾਂ ਵੀ ਡੋਲ ਗਈਆਂ ਟੁੱਟਾ ਕਹਿਰ ਸ਼ਤੀਰਾਂ ਤੇ
ਕੋਠੇ ਤੋਂ ਉੱਡ ਕਾਵਾਂ ਕੋਠਾ ਨਾ ਢਹਿ ਜਾਵੇ
ਕੜੀਆਂ ਤਾਂ ਤਿੜਕ ਗਈਆਂ ਮਲਬਾ ਹੀ ਨਾ ਰਹਿ ਜਾਵੇ
ਕੋਠੇ ਤੋਂ ਉੱਡ ਕਾਵਾਂ ਦੁੱਖ ਪੁੱਛ ਆ ਮਾਵਾਂ ਦੇ
ਕਿਵੇਂ ਸੱਥ ਵਿਚ ਬੈਠਾਂਗੇ ਅਸੀਂ ਬਾਝ ਭਰਾਵਾਂ ਦੇ
ਕੋਠੇ ਤੋਂ ਉੱਡ ਕਾਵਾਂ ਜਾ ਬਹਿ ਜਾ ਟਾਹਣੀ ਤੇ
ਸੁਣ ਰੱਬ ਵੀ ਰੋਵੇਗਾ ਸਾਡੀ ਦਰਦ ਕਹਾਣੀ ਤੇ
ਕੋਠੇ ਤੋਂ ਉੱਡ ਕਾਵਾਂ ਕੋਠੇ ਵਿਚ ਪਾੜ ਪਿਆ ਕੋਈ
ਸਾਡੀ ਜਿੰਦ ਬਣਕੇ ਸਾਨੂੰ ਕਿਉਂ ਮਾਰ ਗਿਆ
ਕੋਠੇ ਤੋਂ ਉੱਡ ਕਾਵਾਂ ਰੁੱਖ ਡਿਗਿਆ ਪੁੰਗਰ ਪਿਆ
ਪੰਧ ਕੁੱਖ ਤੋਂ ਕਬਰਾਂ ਦਾ ਕਿਉਂ ਏਨਾ ਸੁੰਗੜ ਗਿਆ।