ਚੜ੍ਹਦੇ ਸੂਰਦੇਵ ਦੀਆਂ ਕਿਰਨਾਂ, ਨੀਲੇ ਸਾਗਰ ਦੀ ਹਿੱਕ ਉੱਤੇ,

ਜਦੋਂ ਪੈਣ, ਪਰਤੋ ਉਨ੍ਹਾਂ ਦਾ, ਲਿਸ਼ਕਾਵੇ ਸਰ ਮੋਤੀ ਵਾਂਗੂੰ,

ਜਿਉਂ ਲਿਸ਼ਕੇ ਉਹ ਭਾਂਬੜ ਨੇੜੇ, ਰੂਪ-ਵਟਾਵੀ ਚਮਕ ਦਮਕ,

ਦੇਵੇ ਸੁਹਜ ਏਸਨੂੰ, ਨਾਲੇ ਇਸਦੀਆਂ ਲਹਿਰਾਂ ਤੇਜ਼ ਤਰਾਰ,

ਗ੍ਰੰਥਾਂ ਦੀ ਬਾਣੀ ਨੂੰ ਗਾਵਣ, ਨਾਲ ਖ਼ੁਸ਼ੀ ਗਲਵਕੜੀ ਪਾਵਣ,

ਦਖਣੀ ਪਾਂਡੀਚਰੀ ਦੇ ਤੱਟ ਨੂੰ, ਤੱਮਿਲ ਪੁਰਾਤਨ ਜੋਗ ਜ਼ਖ਼ੀਰਾ

ਸ਼ਹਿਰ ਦੇ ਪੱਛਮ ਵੰਨੇ ਹੈ ਵੇ ਅੰਬ ਦੇ ਰੁੱਖਾਂ ਦਾ ਇਕ ਝੁੰਡ,

ਪੰਛੀ-ਫੜੂ ਸਰਬ ਦੁਨੀਆਂ ਦੇ ਇਥੇ ਆਣ ਧਰਾ ਤੇ ਸੁੱਟਣ,

ਮਾੜੀ ਕਿਸਮਤ ਦੇ ਪੰਖੇਰੂ; ਇਕ ਸਵੇਰ ਓਸ ਝੁੰਡ ਵਿਚ,

ਪੰਛੀ ਮਾਰਾਂ ਤੋਂ ਆਜ਼ਾਦ ਹੋ, ਵਿਚ ਖ਼ੁਸ਼ੀ ਦੇ ਕੋਇਲ ਝੂਲੇ,

ਇਕ ਟਾਹਣੀ ਉੱਤੇ ਬਹਿ ਗਾਂਦੀ, ਇਕ ਮਿੱਠਾ ਜਿਹਾ ਗੀਤ ਮੋਹਣ ਲਈ

ਅਪਣੇ ਸਾਥੀਆਂ ਤਾਈਂ, ਜਿਹੜੇ, ਰਾਗ ਧੁਨੀ ਸੁਣ ਭਰੇ ਜੋਸ਼ ਵਿਚ,

ਵਿੰਨ੍ਹੇ ਗਏ ਸਨ ਦਿਲ ਜਿਨ੍ਹਾਂ ਦੇ; ਵਣ ਦੇ ਹੋਰ ਅਨੇਕਾਂ ਪੰਛੀ,

ਕੱਠੇ ਹੋ ਕੇ ਸੁਣਨ ਰਾਗ ਨੂੰ, ਭੁੱਲ ਬੈਠੇ ਸਨ ਅਪਣਾ ਕਾਰਜ

ਭਰ ਗਈ ਅੰਮ੍ਰਿਤ ਨਾਲ ਪੌਣ ਵੀ, ਤੇਜ਼ ਮਿਠਾਸ ਫੈਲਦੀ ਜਾਪੇ,

ਇਉਂ ਜਾਪੇ ਦੈਵੀ ਯੁਵਤੀ ਇਕ ਕੋਇਲ ਬਣ ਗਾ ਗਾ ਕੇ ਮੋਹੇ

ਦਿਨ-ਸੁਪਨੇ ਅੰਦਰ ਇਹ ਡਿੱਠੀ, ਇਹ ਦੁਰਲਭ ਵਖਰੀ ਜਿਹੀ ਝਾਕੀ,

ਕਵੀਆਂ ਦਾ ਜੋ ਕਰੇ ਸੁਆਗਤ, ਜਦੋਂ ਕਲਪਨਾ ਦੂਰ ਲਿਜਾਵੇ,

ਨਿਤਪ੍ਰਤ ਕਾਰਜ ਦੀ ਦੁਨੀਆਂ ਤੋਂ, ਸੁਣ ਕੇ ਗੀਤ ਕੋਇਲ ਸੰਦਾ,

ਜਾਦੂ ਭਰੇ ਓਸ ਉਪਬਨ ਵਿਚ, ਏਦਾਂ ਸੀ ਮੈਂ ਤਦੋਂ ਸੋਚਿਆ :

*ਕਿਉਂ ਨਾ ਮੈਂ ਕੋਇਲ ਬਣ ਸਕਦਾ ? ਝਟ ਪਟ ਮਿਲਾਂ ਕੋਇਲੀ ਤਾਈਂ,

ਅਤੇ ਗੁਜ਼ਾਰਾਂ ਅਪਣਾ ਜੀਵਨ ਇਸ ਤੋਂ ਮਗਰੋਂ ਖ਼ੁਸ਼ੀ ਦੇ ਅੰਦਰ,

ਮੇਰੀ ਜ਼ਿੰਦਗੀ ਝਟ ਰਲ ਜਾਵੇ, ਇਸ ਕੋਇਲ ਦੇ ਗੀਤ ਦੇ ਅੰਦਰ ।*

ਦੇਵਤਿਆਂ ਸੁਣਿਆਂ ਨਹੀਂ ਹੋਣਾ ਐਸਾ ਸੁੰਦਰ ਰਾਗ ਕਦੀ ਵੀ,

ਜਿਹੜਾ ਦੇਵ ਦਇਆ ਦੇ ਕਾਰਨ ਮੈਂ ਸੁਣ ਸਕਿਆ ਓਸ ਦਿਹਾੜੇ

ਕੋਇਲ ਦੀ ਕੂ ਕੂ ਦੇ ਵਿਚੋਂ, ਮੈਂ ਢੁਕਵਾਂ ਮਤਲਬ ਸੀ ਕਢਿਆ,

ਜਿਸ ਨੂੰ ਹੁਣ ਸੰਖੇਪ ਬਣਾ ਕੇ, ਮੈਂ ਤੁਹਾਡੇ ਲਈ ਲਿਖ ਧਰਾਂਗਾ

ਪਰ ਕੀਕੂੰ ਅਦਭੁਤ ਧੁਨੀ ਦੀ ਕੀਤੀ ਜਾਵੇ ਨਕਲ, ਦਸੋ ਖਾਂ ?

📝 ਸੋਧ ਲਈ ਭੇਜੋ