ਕ੍ਰਿਸ਼ਨ ਮੇਰਾ ਪ੍ਰੀਤਮ

ਜੀਕੂੰ ਮੱਛੀ ਤੜਫਦੀ ਫਸ ਸ਼ਿਕਾਰੀ-ਜਾਲ,

ਜੀਕੂੰ ਸ਼ੋਲਾ ਮੱਚਦਾ ਹਵਾ-ਫਰਾਟੇ ਨਾਲ,

ਮੇਰਾ ਦਿਲ ਵੀ ਫੜਕਿਆ ਚਿੰਤਾ ਵਿਚ ਗ਼ਲਤਾਨ,

ਏਸ ਦੁੱਖ ਦੀ ਘੜੀ ਦਾ ਸਮਾਂ ਨਾ ਮੁਕਦਾ ਜਾਣ

ਤੋਤਾ ਜਿਉਂ ਕਰ ਡਕਿਆ ਬੰਦ ਪਿੰਜਰੇ ਵਿਚਕਾਰ,

ਏਦਾਂ ਲੰਘਦਾ ਸਮਾਂ ਸੀ ਘਿਰਿਆ ਦੁੱਖਾਂ ਮਝਾਰ,

ਕੌੜਾ ਕੌੜਾ ਲਗਦਾ, ਮਿੱਠਾ ਜੋ ਸੰਸਾਰ

ਕੱਲਾ ਬਿਸਤਰ ਲੇਟਿਆ, ਤੂੰ ਸੁਣ ਮੇਰੇ ਮੀਤ

ਦਰਸ਼ਨ ਅਪਣੀ ਮਾਉਂ ਦਾ ਨਾ ਉਪਜਾਵੇ ਪ੍ਰੀਤ

ਤੂੰ ਮਿਤਰਾ ! ਗੱਪੀ ਅਜਬ, ਗਲਾਂ ਕਰੇਂ ਅਪਾਰ,

ਪਰ ਮੈਂ ਤੈਥੋਂ ਭਜਿਆ, ਜਿੱਦਾਂ ਤੂੰ ਬੀਮਾਰ

ਪ੍ਰਿਯ ਮਿਤਰਾ ! ਨਾ ਭਾਂਵਦੇ ਨੀਂਦਰ ਅਤੇ ਖ਼ੁਰਾਕ,

ਮਿੱਠੇ ਫੁੱਲ ਮੁਸਕਾਉਂਦੇ, ਮੇਰੇ ਲਈ ਹਲਾਕ

ਮਨ ਵਿਚ ਸ਼ਕਤੀ ਮੂਲ ਨਾ, ਰਹੀ ਬੇਚੈਨੀ ਢੇਰ,

ਇਕ ਛਿਨ ਦੇ ਲਈ ਸੁਖ ਨਾ, ਦਿਲ ਵਿਚ ਸਕੀਏ ਹੇਰ

ਪ੍ਰਿਯ ਮਿਤਰਾ ! ਦੁੱਧ ਫਿਟਿਆ, ਕੰਡਿਆਂ ਤੇ ਵਿਸ਼ਰਾਮ,

ਬੋਲੀ ਗੰਗਾ ਰਾਮ ਦੀ, ਭੈੜੀ ਲੱਗੇ ਤਮਾਮ

ਵੈਦਾਂ ਭਾਣੇ ਮੁੱਕਿਆ, ਮੇਰਾ ਪਾਣੀ ਅੰਨ,

ਕਹਿਣ ਜੋਤਸ਼ੀ ਏਸ ਦੇ ਬੁਰੇ ਸਿਤਾਰੇ ਹਨ

ਇਕ ਵਾਰੀ ਵਿਚ ਨੀਂਦ ਦੇ ਸੁਪਨਾ ਇਹ ਸੀ, ਜਾਣ,

ਦਿਲ ਮੇਰੇ ਨੂੰ ਛੁਹ ਗਿਆ ਇਕ ਪ੍ਰਦੇਸੀ ਆਣ

ਜਦੋਂ ਅਚਾਨਕ ਜਾਗਿਆ, ਉਹ ਹੋਇਆ ਸੀ ਲੋਪ,

ਮੇਰਾ ਦਿਲ ਨੱਚ ਉਠਿਆ, ਦਾਗ ਖ਼ੁਸ਼ੀ ਦੀ ਤੋਪ

ਪ੍ਰਿਯ ਮਿਤਰਾ ! ਮੈਂ ਕੰਬਿਆ, ਛਿੜੀ ਮੈਨੂੰ ਝਰਨਾਟ,

ਹੋਇਆ ਤਦੋਂ ਅਰੋਗ ਮੈਂ, ਸਜਿਆ ਘਰ ਦਾ ਠਾਟ

ਮੈਨੂੰ ਚੰਗਾ ਲਗਦਾ, ਸਾਰਾ ਹੀ ਸੰਸਾਰ,

ਡਰ ਭਜਿਆ, ਦੇ ਗਈ ਤਦ ਸੁੰਦਰਤਾ ਦੀਦਾਰ

ਫੇਰ ਵਿਚਾਰਾਂ ਵਿਚ ਕਰਾਂ ਜਾਦੂ-ਛੁਹ ਜਦ ਯਾਦ,

ਤਨ ਲਹਿਰੇ ਨਵ-ਕੰਬਣੀ, ਸੁਖ ਦਾ ਆਵੇ ਸਵਾਦ

ਮਨ ਮੇਰਾ ਵਿਸਮਾਦ ਵਿਚ, ਕੌਣ ਕੌਣ ਸੀ ਉਹ,

ਵੇਖੋ ਦੈਵੀ ਕ੍ਰਿਸ਼ਨ ਜੀ ਸਾਹਵੇਂ ਗਏ ਖੜੋ

📝 ਸੋਧ ਲਈ ਭੇਜੋ