ਕੁਝ ਦੇਰ ਬਸ ਉਹ ਠਹਿਰਿਆ ਤੇ ਫਿਰ ਮੁਸਾਫ਼ਿਰ ਹੋ ਗਿਆ
ਘਰ ਉਸਰਿਆ ਸੀ ਜੋ ਮਸਾਂ ਉਹ ਪਲ ’ਚ ਖੰਡਰ ਹੋ ਗਿਆ
ਕੋਸੀ ਜਿਹੀ ਧੁੱਪ ਦੀ ਕਿਰਨ ਕੀ ਕਾਰਨਾਮਾ ਕਰ ਗਈ
ਮੈਂ ਰਾਤ ਨੂੰ ਸੁਪਨੇ ’ਚ ਸੂਰਜ ਦੇ ਬਰਾਬਰ ਹੋ ਗਿਆ
ਉਸਦੇ ਪਰਾਂ ਦੇ ਤੋਲ ਵਿਚ ਲੁਕਿਆ ਅਡੰਬਰ ਸੀ ਕਿਤੇ
ਉਸਨੇ ਉਡਾਰੀ ਨਾ ਭਰੀ ਐਵੇਂ ਮੈਂ ਅੰਬਰ ਹੋ ਗਿਆ
ਕੀ ਹੋ ਗਿਆ ਤੁਰਦੇ ਬਣੇ ਜੇ ਦੋ ਕੁ ਬੂੰਦਾਂ ਪੀ ਕੇ ਉਹ
ਮੈਂ ਇਸ ਬਹਾਨੇ ਹੀ ਸਹੀ ਯਾਰੋ ਸਮੁੰਦਰ ਹੋ ਗਿਆ
ਜਿਹੜੀ ਮਿਤੀ ਜਿਸ ਵਾਰ ਨੂੰ ਇਨਕਾਰ ਕੀਤਾ ਯਾਰ ਨੇ
ਮੇਰੇ ਲਈ ਉਹ ਦਿਨ ਹੀ ਸਦੀਆਂ ਦਾ ਕਲੰਡਰ ਹੋ ਗਿਆ
ਮੇਰੀ ਕਮੀ ਉਸਨੇ ਬੜੀ ਮਹਿਸੂਸ ਤਾਂ ਕੀਤੀ ਚਲੋ
ਮੈਂ ਹਾਰਿਆ ਹੋਇਆ ਵੀ ਹੁਣ ਜੇਤੂ ਸਿਕੰਦਰ ਹੋ ਗਿਆ
ਤਬਦੀਲ ਜਿਸਦੇ ਹਰਫ਼ ਮੇਰੇ ਹੰਝੂਆਂ ਵਿਚ ਹੋ ਗਏ
ਉਸ ਅਣਲਿਖੀ ਕਵਿਤਾ ਦੇ ਕਰਕੇ ਮੈਂ ਵੀ ਸ਼ਾਇਰ ਹੋ ਗਿਆ