ਕੁੱਝ ਕੁ ਲੋਕਾਂ ਦੀ ਸਦਾ ਚਲਦੀ ਰਹੀ ।
ਰਾਤ ਚਰਚਾ ਏਸ ਹੀ ਗੱਲ ਦੀ ਰਹੀ।
ਮਰ-ਮਰੀ ਹੱਥਾਂ 'ਚ ਲੈ ਕੇ ਰੌਸ਼ਨੀ ।
ਸੋਚ ਵਾਂਗਰ ਲਾਟ ਦੇ ਬਲਦੀ ਰਹੀ ।
ਕਿਸ ਤਰ੍ਹਾਂ ਦਾ ਮੇਲ ਸੀ ਉਹ ਮੇਲ ਵੀ ।
ਯਾਦ ਵੀ ਨਾ ਦੋ ਘੜੀ ਪਲ ਦੀ ਰਹੀ ।
ਨਾ ਕਹੀ ਦਿਲ ਦੀ ਨਾ ਦਿੱਤੀ ਕਹਿਣ ਹੀ ।
ਤੈਨੂੰ ਤੇ ਬਸ ਜਾਣ ਦੀ ਜਲਦੀ ਰਹੀ ।
ਕਿਸ ਤਰ੍ਹਾਂ ਦਾ ਹਾਦਸਾ ਹੈ ਜ਼ਿੰਦਗੀ ।
ਅੱਜ ਨੂੰ ਚਿੰਤਾ ਸਦਾ ਕਲ ਦੀ ਰਹੀ ।
ਜ਼ਖ਼ਮ ਬਣ ਕੇ ਮੈਂ ਰਿਹਾ ਹਾਂ ਮਹਿਕਦਾ ।
ਉਹ ਮਰਹਮ ਹੱਥ ਯਾਦ ਦੇ ਘੱਲਦੀ ਰਹੀ ।