ਸਰਵਣ ਪਾਣੀ ਭਰਦੇ ਨੂੰ, ਤੀਰ ਕੋਈ ਡੰਗ ਬਹਿੰਦਾ ਹੈ।
ਕੁੜੀਆਂ ਸਹੁਰੇ ਜਾਂਦੀਆਂ ਨੂੰ, ਪਿੰਡ ਅਲਵਿਦਾ ਕਹਿੰਦਾ ਹੈ।
ਸੂਹੀ ਮਹਿੰਦੀ ਲਾਚੜ ਫੜਦੀ ਹੈ, ਸੁਰਮੇ ਨੂੰ ਸ਼ਰਮ ਜਿਹੀ ਚੜ੍ਹਦੀ ਹੈ।
ਮਦ ਜ਼ਰੀ ਦੇ ਜ਼ਰਦ ਸਿਰਹਾਣੇ ਨੇ, ਚਾਅ-ਚੋਜ਼ ਵੀ ਚਾਂਭਲ ਜਾਣੇ ਨੇ।
ਲਾਲ ਡੋਰੇ ‘ਚ ਸੁਰਖ਼ੀ ਆਣੀ ਹੈ, ਲਿਫ਼ ਨਾਬਰਦਾਰੀ ਜਾਣੀ ਹੈ।
ਚਾਰ ਲਾਵਾਂ ਜਿਹਦੇ ਨਾਲ਼ ਲਈਆਂ ਨੇ, ਚਾਰ ਯੁੱਗਾਂ ਤੀਕ ਨਿਭਾਣੀ ਹੈ।
ਗੋਲਾਂ ਨੇ ਰੇਤਾ ਰੰਗਣਾ ਹੈ, ਜਦ ਪਿੱਪਲੀ ਪਾਸੋਂ ਲੰਘਣਾ ਹੈ।
ਇਸ ਟੀਰ-ਟੱਬਰ ਦੀ ਛਿੰਦੀ ਨੇ, ਬੋਹੜਾਂ ਕੋਲ਼ੋਂ ਸੰਗਣਾ ਹੈ।
ਵੜ-ਵੇਦ ਪਿੰਡਾ ਦੇ ਦੱਸਣੇ ਨੇ, ਸ਼ਹਿਰਾਂ ਦੀ ਬੋਲੀ ਸਿੱਖਣੀ ਹੈ।
ਇਹ ਤਕਦੀਰੋਂ ਥੁੜੀਆਂ ਨੇ, ਤਕਦੀਰ ਬੇਗਾਨੀ ਲਿਖਣੀ ਹੈ।
ਤੱਕ ਵੇਲਾਂ ਵਾਂਗੂੰ ਵਧਦੀਆਂ ਨੂੰ, ਬਾਪੂ ਦਾ ਦਿਲ ਡਰਦਾ ਹੈ।
ਕੱਚੀ ਕੰਧ ਦੀਆ ਸਿਰੀਆਂ ‘ਤੇ ਸੁਪਨੇ ਵਿੱਚ ਇੱਟਾਂ ਧਰਦਾ ਹੈ।
ਕੂੰਜਾਂ, ਕਣਕਾਂ ਨੂੰ ਮਿਹਣਾ ਹੈ, ਜੇ ਵਿੱਚ ਵਿਸਾਖੇ ਰਹਿਣਾ ਹੈ।
ਤੱਤੀ-ਰੁੱਤ ਵਿੱਚ ਕੁੜੀਆਂ ਲਈ, ਘਰ ਮਾਹੀ ਦਾ ਗਹਿਣਾ ਹੈ।
ਸੂਹੀ ਸ਼ਗਨਾਂ ਦੀ ਫੁਲਕਾਰੀ ਨਾ' ਨਾਭੀ ਚੀਰਾ ਖਹਿੰਦਾ ਹੈ।
ਕੁੜੀਆਂ ਸਹੁਰੇ ਜਾਂਦੀਆਂ ਨੂੰ, ਪਿੰਡ ਅਲਵਿਦਾ ਕਹਿੰਦਾ ਹੈ।
ਜਲ ਮਿੱਠ ਜਾਂਦਾ ਖੂਹਾਂ ਦਾ, ਜਦ ਰੂਹਾਂ ‘ਚ ਰੰਗਤ ਰਸਦੀ ਹੈ।
ਫਿਰ ਫੱਗਣ ਚੇਤ ਦੀ ਧੁੱਪ ਜਿਹੀ, ਸੂਲਾਂ ਦੇ ਪਿੰਡੇ ਡਸਦੀ ਹੈ।
ਠੀਕਰ ਪਹਿਰੇ ਦਿੰਦੀਆਂ ਨੇ, ਖ਼ਾਬਾਂ, ਸੁਰਖ਼ਾਬ-ਖ਼ਿਆਲਾਂ ਨੂੰ।
ਨਾਲ਼ੇ ਚੁੰਨੀਆਂ ਵਿੱਚ ਤਰੁੱਪਦੀਆਂ ਨੇ, ਦੁੱਧ-ਮੋਤੀ ਬਦਖਸ਼ ਲਾਲਾਂ ਨੂੰ।
ਜਦ ਮਹਿਕ-ਪੰਜ਼ੇਬੀ ਪੌਣ ਕੋਈ, ਨਾਭੀ ਜਿਹੇ ਨਗਮੇ ਗਾਉਂਦੀ ਹੈ।
ਨਿੰਮਾਂ ਨੂੰ ਚਾਸ਼ਣ ਚੜ੍ਹਦੀ ਹੈ, ਅੱਕਾਂ ਵਿੱਚ ਖੰਡ ਸਮਾਉਂਦੀ ਹੈ।
ਮੌਜ-ਮੇਲੇ, ਰਸਮ, ਤਿਉਹਾਰ ਜਿਹੇ, ਹਨ ਕੁੜੀਆਂ ਦੇ ਇੰਤਜ਼ਾਰ ਜਿਹੇ।
ਵੀਰੋ ਦੇ ਦਿਓ ਜੋ ਵੀ ਸਰਦਾ ਹੈ, ਸਾਡਾ ਮੰਗਣ ਨੂੰ ਜੀਅ ਕਰਦਾ ਹੈ।
ਜਦੋਂ ਮਿਟਰੰਗੀਆ ਕੰਧਾਂ ਤੋਂ ਸੂਹੀ ਲਾਂਗੜ ਭੁਰਦੀ ਹੈ।
ਓਦੋਂ ਅੰਮੀ ਸਾਨੂੰ ਤੋਰਨ ਦੇ ਖ਼ਾਬਾਂ ਦੇ ਵਿੱਚ ਖੁਰਦੀ ਹੈ।
ਇਹਨਾਂ ਦਾ ਲਖ ਸ਼ੁਕਰਾਨਾ ਹੈ, ਇਹਨਾਂ ਨੂੰ ਢੇਰ 'ਜਾ ਸਿਜਦਾ ਹੈ।
ਖ਼ੌਰੇ ਕਿਉਂ ਇਹਨਾਂ ਦੇ ਗੀਤਾਂ ਵਿੱਚ, ਦਿਲ ‘ਜਾ ਮੇਰਾ ਭਿੱਜਦਾ ਹੈ।
ਪੀਘਾਂ ਬਣ ਹਾਕਰ ਲਾ ਲੈਨਾ, ਅੜੀਓ ਇੱਕ ਝੂਟਾ ਰਹਿੰਦਾ ਹੈ।
ਕੁੜੀਆਂ ਸਹੁਰੇ ਜਾਂਦੀਆਂ ਨੂੰ, ਪਿੰਡ ਅਲਵਿਦਾ ਕਹਿੰਦਾ ਹੈ।