ਹੁਣ ਕਿਓਂ ਨਈਂ ਰੰਗ ਚੜ੍ਹਦਾ ਤੈਂਨੂੰ, ਸਖ਼ੀ, ਛੈਲ, ਸਰਤਾਜ਼ਾਂ ਦਾ
ਹੁਣ ਕਿਓਂ ਨਈਂ ਤੂੰ ਸੁਗਲ਼ਕ ਰੱਖਦਾ,ਕਲਗੀ-ਕਣੀਆਂ, ਤਾਜ਼ਾਂ ਦਾ।
ਲੁੱਟੀਆਂ ਦੇ ਕਿੱਸੇ ਕਾਹਤੋਂ, ਖੁੰਢਾਂ ‘ਤੇ ਦੱਸਦਾ ਏਂ
ਕਿਸਮਤ ਤੋਂ ਹਾਰ ਰਹੇ ਜੋ, ਉਨ੍ਹਾਂ ‘ਤੇ ਹੱਸਦਾ ਏਂ।
ਰੁਤਬੇ ਕੀ ਕਰਨੇ, ਜਿਹੜੇ, ਕੁਤਬਾਂ ਤੋਂ ਪਾਰ ਗਏ
ਓਹਨਾਂ ਨੂੰ ਨਾਂ ਕੀ ਦੇਈਏ, ਜਿੱਤ ਕੇ ਜੋ ਹਾਰ ਗਏ?
ਧੜਕਣ ਨਾਲ਼ ਮੇਲ਼ ਕਰਾਉਂਦੇ, ਜ਼ਿੰਦਗੀ ਦੇ ਸਾਜ਼ਾਂ ਦਾ
ਹੁਣ ਕਿਓਂ ਨਈਂ ਰੰਗ ਚੜ੍ਹਦਾ ਤੈਂਨੂੰ,ਸਖ਼ੀ, ਛੈਲ, ਸਰਤਾਜ਼ਾਂ ਦਾ।
ਹਿੰਦ ਦੇ ਮਸਤਕ ਉੱਤੇ, ਸਦੀਆਂ ਦੇ ਲੇਖ ਨਿਮਾਣੇ
ਰੱਜਿਆਂ ਲਈ ਕਰਨ ਦੁਆਵਾਂ, ਢਿੱਡਾਂ ਤੋਂ ਭੁੱਖੇ-ਭਾਣੇ
ਬਚਿਆ ਕੀ ਮਰਨੇ ਬਾਝੋਂ, ਤਪਦਾ ਸੀ, ਠਰ ਗਿਆ ਸਾਬਰ ?
ਮੌਤ ਵੀ ਕਹਿ ਗਈ ਝੱਲੀ, ਜਾਨੀ ਤੈਂਨੂੰ ਜਨਮ ਮੁਬਾਰਕ
ਚਿੜੀਆਂ ਨੂੰ ਹਰਫ਼ ਪੜ੍ਹਾ ਦਿਓ, ‘ਨੰਦਪੁਰ ਦੇ ਬਾਜਾਂ ਦਾ
ਹੁਣ ਕਿਓਂ ਨਈਂ ਰੰਗ ਚੜ੍ਹਦਾ ਤੈਂਨੂੰ, ਸਖੀ, ਛੈਲ, ਸਰਤਾਜ਼ਾਂ ਦਾ।