ਲੱਲਾ ਲਿਖਿਆ ਮਿਲੇਗਾ ਹਰ ਹੀਲੇ, ਫ਼ਿ਼ਕਰ ਕਾਸਦਾ ਬੰਦਿਆ ਰੱਖਨਾ ਈ।
ਕਰੇ ਗੈਣ ਚਹੁੰ-ਕੂੰਟ ਨਾ ਲੋਭੀਆ ਓਇ, ਆਬ ਹੁੰਦਿਆਂ ਦਰਬ ਤਰਿਪਨ ਨਾਹੀਂ ।
ਜੋਬਨ ਜੁਆਨੀ ਮਲੰ੍ਹਮੇ ਦਾ ਪਾਜ ਹੈ ਜੀ, ਚਾਰ ਰੋਜ਼ ਦਾ ਜਾਨ ਸਰਪਨਾ ਈ।
ਅੱਗੇ ਫਿਰ ਕਰ ਨਾਮ ਦੀ ਢਾਲ ਫੜ ਲੈ. ਤੈਨੂੰ ਮੌਤ-ਤਲਵਾਰ ਨੇ ਫੱਟਨਾ ਈ।
ਸੋਈ ਫੜੇ ਜਾਣ ਮੌਤ ਦੀ ਰੇਲ ਚੜ੍ਹਕੇ, ਟਿਕਟ ਨਾਮ ਦਾ ਜਿਨ੍ਹਾਂ ਦੇ ਹੱਥ ਨਾਹੀਂ ।
ਸੱਚੇ ਨਾਮ ਦਾ ਬਖ਼ਸ਼ ਦੇ ਲਾਲ ਤਾਈਂ, ਜੌਹਰ-ਬੱਚਿਆ ਇਨ੍ਹਾਂ ਪਰਖਣਾ ਈਂ।
ਪੱਛੋਤਾਵਣਾ ਬਣੂੰਗਾ ਅੰਤ ਵੇਲੇ, ਵੇਲਾ ਬੀਤਿਆ ਹੱਥ ਨਾ ਲੱਗਣਾ ਈਂ ।
ਰੁੱਤ ਵੇਖਕੇ ਬੀਜਣਾ ਖੇਤ ਚਾਹੀਏ, ਵੇਲਾ ਵੇਖਕੇ ਰਾਗ ਅਲਾਪਣਾ ਈਂ ।
ਮੁਕਤ ਹੋਣ ਦਾ ਕਰੀਂ ਉਪਾਇ ਬੰਦੇ, ਨਹੀਂ, ਤਾਂ ਗਰਬ ਨਰਕ ਨੂੰ ਕੱਟਣਾ ਈਂ ।
ਰੱਬ ਕਰੂ ਔਗਣ ਪਿਛਲੇ ਮਾਫ਼ ਤੇਰੇ, ਅੱਗੇ ਕੱਢੂ ਅਖ਼ੀਰ ਨੂੰ ਕੱਟਣਾ ਈਂ ।
ਇਹ ਮਰਦ ਇਨਸਾਨ ਦਾ ਕਰਮ ਨਾਹੀਂ, ਮੁੱਖੋਂ ਆਖਕੇ ਸੁਖ਼ਨ ਨੂੰ ਪਰਤਣਾ ਈਂ ।
ਜੀਹਦੇ ਵਿੱਚ ਮੁੰਕਾਲਗੀ ਦਾਗ਼ ਲੱਗੇ, ਚਾਹੀਏ ਵਿਸ਼ੇ ਵਿਕਾਰ ਤੋਂ ਹੱਟਣਾ ਈਂ ।
ਜਿੱਚਰ ਰਹੇ ਸਰੀਰ ਸਬੂਤ ਚਰਖ਼ਾ, ਚਾਹੀਏ ਨਾਮ ਦੇ ਸੂਤ ਨੂੰ ਕੱਤਣਾ ਈਂ ।
ਗਈਆਂ ਛੱਡਕੇ ਪੇਕਿਆਂ ਸੌਹਰਿਆਂ ਨੂੰ, ਜਿਨ੍ਹਾਂ ਨੇਹੁਣਾ ਯਾਰ ਨ ਰੱਖਣਾ ਈਂ ।
ਜੇਕਰ ਸੱਤ ਸੰਤੋਖ ਰੱਖਿਆ ਈ, ਰੋਜ਼ਾ-ਵਰਤ ਫਿਰ ਕਾਸਨੂੰ ਰੱਖਣਾ ਈਂ ।
ਮੰਦੀ ਨੀਤ ਦੀ ਛੁਰੀ ਜੇ ਬਗ਼ਲ ਦਿੱਤੀ, ਮੱਥੇ ਤਿਲਕ ਲਾਇਕੇ ਰੱਖਣਾ ਈਂ ।
ਫ਼ਕੀਰ ਹੋਇਕੇ ਧਾਰ ਬਿਰਕਤ ਵਿਰਤੀ, ਮਾਇਆ ਵਿੱਚ ਕੀ ਫੇਰ ਭੱਟਕਣਾ ਈਂ ।
ਸਿੱਖ ਸੋਈ ਜੋ ਸਿਦਕ ਨਾ ਹਾਰਦਾ ਈ, ਸਿੱਖੀ ਨਹੀਂ ਹੁੰਦੀ ਛੱਡੀ ਕੱਛਣਾ ਈਂ ।
ਬੰਦਾ ਫਸਿਆ ਹੈ ਮਾਇਆ ਮੋਹ ਅੰਦਰ, ਅੱਠੇ ਪਹਿਰ ਕੀ ਕਰੇਂ ਕੱਬਪਣਾ ਈਂ।
ਦੇਵਾ ਸਿੰਘ ਆਸਾ ਤ੍ਰਿਸ਼ਨਾ ਚਿੰਤਾ ਡੈਣਾਂ, ਤਿੰਨੇ ਪੁਰਸ਼ ਦੇ ਚਿੱਤ ਗੁਸੱਟਣਾ ਈਂ ।