ਲਟਕਦਾ ਨਕਸ਼ਾ ਪਿਆ ਹੈ ਸਾਹਮਣੇ ਸੰਸਾਰ ਦਾ
ਥਹੁ—ਪਤਾ ਕੋਈ ਟਿਕਾਣਾ ਪਰ ਮਿਲੇ ਨਾ ਯਾਰ ਦਾ
ਨਾਖ਼ੁਦਾ ਨੂੰ ਮੈਂ ਖ਼ੁਦਾ ਦਾ ਵਾਸਤਾ ਪਾਇਆ ਬੜਾ
ਛੱਡਿਆ ਫਿਰ ਵੀ ਨ ਉਸਨੇ ਆਰ ਦਾ ਨਾ ਪਾਰ ਦਾ
ਬੱਦਲਾਂ ਦੇ ਨਾਲ ਮੇਰੇ ਨੈਣ ਵੀ ਹੁਣ ਬਰਸਦੇ
ਇਹ ਸਿਲਾ ਮਿਲਿਆ ਹੈ ਮੈਨੂੰ ਚੰਨ ’ਤੇ ਇਤਬਾਰ ਦਾ
ਧਰ ਕੇ ਪੱਥਰ ਕਾਲਜੇ ’ਤੇ ਆਖਦੀ ਮੈਨੂੰ ਨਦੀ
‘ਤੂੰ ਰਿਹਾ ਬਸ ਪਾਣੀਆਂ ’ਤੇ ਹੀ ਲਕੀਰਾਂ ਮਾਰਦਾ’
ਬੂਹਿਆਂ ਤੇ ਬਾਰੀਆਂ ਦਾ ਕੀ ਸਹਾਰਾ ਹੈ ਭਲਾ
ਆਪ ਤਾਂ ਉਹ ਲੋੜਦੇ ਨੇ ਆਸਰਾ ਦੀਵਾਰ ਦਾ
ਲਾਪਤਾ ਕੁਝ ਹੈ ਤਾਂ ਉਹ ਹੈ ਆਪਣਾ ਮੇਰਾ ਪਤਾ
ਹਾਲ ਵੈਸੇ ਜਾਣਦਾ ਹਾਂ ਮੈਂ ਭਰੇ ਬਾਜ਼ਾਰ ਦਾ
ਜਿਸ ਜਗ੍ਹਾ ’ਤੇ ਰੋਜ਼ ਹੀ ਕਰਦਾ ਹੈ ਕੋਈ ਖ਼ੁਦਕੁਸ਼ੀ
ਐਨ ਨੇੜੇ ਓਸ ਦੇ ਦਫ਼ਤਰ ਵੀ ਹੈ ਰੁਜ਼ਗਾਰ ਦਾ
ਕੱਲ੍ਹ ਨਾ ਕੋਈ ਵੀ ਘਟਨਾ ਅਣਸੁਖਾਵੀਂ ਵਾਪਰੀ
ਇਹ ਬੜਾ ਚਰਚਿਤ ਵਿਸ਼ਾ ਹੈ ਅੱਜ ਦੀ ਅਖ਼ਬਾਰ ਦਾ