ਸੱਪ ਦਾ ਤੁਆਮ ਖਾਣਾ, ਜੋਧਿਆਂ ਦਾ ਨਾਮ ਖਾਣਾ,
ਨਿੱਤ ਦਾ ਹਰਾਮ ਖਾਣਾ, ਸੋਭਦਾ ਨਾ ਬੰਦੇ ਨੂੰ ।
ਉੱਤੋਂ ਦੀ ਜੁਆਈ ਪੈਜੇ, ਆਕੜ ਕੇ ਦਾਈ ਬਹਿਜੇ
ਮੋੜ ਦੇਣੀ ਸਾਈ ਪੈਜੇ, ਚੱਟ ਲਈਏ ਥੰਦੇ ਨੂੰ।
ਪੁੱਤ ਜੇ ਸ਼ਰਾਬੀ ਹੋਵੇ, ਰੰਨ ਬੇ ਹਿਸਾਬੀ ਹੋਵੇ,
ਧੀ 'ਚ ਖਰਾਬੀ ਹੋਵੇ, ਤੋੜ ਦੇਣ ਲੱਕ ਨੂੰ ।
ਗੌਸ ਵਾਲਾ ਪੀਰ ਚੰਗਾ, ਕੌਸ ਵਾਲਾ ਨੀਰ ਚੰਗਾ
ਰੌਲ਼ੇ ਦਾ ਅਖੀਰ ਚੰਗਾ, ਮੇਟ ਦਿੰਦਾ ਫੱਟ ਨੂੰ।
ਸੂਰਮੇ ਨੂੰ ਕੰਡ ਮਾੜੀ, ਆਸ਼ਕੀ 'ਚ ਸੰਗ ਮਾੜੀ
ਫੱਟ ਹੋਵੇ ਖੰਡ ਮਾੜੀ, ਮਿੱਠੇ ਦੇ ਮਰੀਜ਼ ਨੂੰ।
ਕਾਨਾ ਜੇ ਕਮਾਦ ਹੋਵੇ, ਚੌਪਟਾਂ ਦਾ ਰਾਜ ਹੋਵੇ,
ਕੰਚਨੀ ਨਾ ਨਾਜ਼ ਹੋਵੇ, ਫੋਲੀਏ ਨਸੀਬ ਨੂੰ।
ਕਾਜ਼ੀ ਜੇ ਹਰਮ ਜਾਵੇ, ਡੂਮ ਜੇ ਸ਼ਰਮ ਖਾਵੇ,
ਜਿੰਦ 'ਚੋੰ ਮਰਮ ਜਾਵੇ, ਤਿੰਨੇ ਗੱਲਾਂ ਖੋਟੀਆਂ।
ਮਜ਼ਬਾਂ ਦੇ ਵਾਦ ਉੱਤੇ, ਮੱਚਦੇ ਪੰਜਾਬ ਉੱਤੇ,
ਮੰਤਰੀ ਫਸਾਦ ਉੱਤੇ, ਸੇਕਦੇ ਨੇ ਰੋਟੀਆਂ।
ਚਿੱਤ ਜੇ ਜਮੀਨ ਹੋਵੇ, ਹੌਸਲਾ ਮਤੀਨ ਹੋਵੇ,
ਜਿੱਤ 'ਚ ਯਕੀਨ ਹੋਵੇ, ਕਦੇ ਨਹੀੰ ਹਾਰਦੇ।
ਅਕਲਾਂ ਦੀ ਹੱਟ ਹੈਨੀ, ਗਾਲ ਬਿਨਾ ਜੱਟ ਹੈਨੀ,
ਬੋਲੇ ਬਿਨਾ ਭੱਟ ਹੈਨੀ, ਸਤਗੁਰਾ ਸਾਰਦੇ।