ਲੋਕ ਤੱਥ-4

ਜੱਟ ਦੀ ਵਾਰ, ਸੁਣੀ ਸਰਦਾਰ, ਮੈਂ ਲਵਾਂ ਸਵਾਰ, ਤੂੰਬੇ ਦੀ ਤਾਰ ਜ਼ਰਾ ਖਲੋ ਕੇ।

ਮੋਈ ਸਰਕਾਰ, ਡੋਗਰੇ ਯਾਰ, ਨਾ ਸੇਫ ਕੁਆਰ, ਖੂਨੀ ਅਖਬਾਰ ਪੜੀਏ ਧੋ ਕੇ। 

ਪਿਉ ਤੋ ਪੁੱਛ, ਧੀਆਂ ਦੇ ਦੁੱਖ, ਅਮਲੀ ਪੁੱਤ, ਗਿਆ ਮੁੱਕ, ਕਿਸੇ ਦਾ ਕੋਈ।

ਤਵੇ ਦਾ ਸੇਕ, ਖਾ ਗਿਆ ਖੇਤ, ਬਣਗੀ ਰੇਤ, ਨਾ ਲਗਦਾ ਭੇਤ ਗੱਲ ਕੀ ਹੋਈ।

ਪੁਲਿਸ ਦੀ ਜੋਟੀ, ਬੜੀ ਹੀ ਖੋਟੀ, ਮੰਗਦੀ ਮੋਟੀ, ਵਿਖਾ ਕੇ ਸੋਟੀ ਕੀ ਕਹੇ ਅਜ਼ਾਦੀ।

ਹੱਕਾਂ ਦੇ ਰਾਖੇ, ਖਲੋ ਗਏ ਪਾਸੇ, ਧੀਆਂ ਲਈ ਮਾਸੇ ਜੇ ਮੰਗੀਏ ਹਾਸੇ, ਕਹਿਣ ਅੱਤਵਾਦੀ। 

ਗੋਰੇ ਦੀ ਯਾਰੀ, ਬੜੀ ਖੁਆਰੀ, ਭੋਗ ਕੇ ਨਾਰੀ, ਲੈ ਗਿਆ ਲਾਹ ਕੇ ਝਾਜਰਾਂ ਭਾਰੀ।

ਦੁੱਧ ਦੀ ਪਾਲੀ, ਨਸ਼ੇ ਨੇ ਖਾ ਲੀ, ਵਿਆਹੇ ਚਾਲੀ, ਛੜੇ ਪੰਨਤਾਲੀ, ਨਾ ਜੁੜੇ ਕੁਆਰੀ।

ਖੇਤਾਂ ਦਾ ਪੁੱਤ, ਸਾੜ ਕੇ ਕੁੱਪ, ਕਰ ਗਿਆ ਧੁੱਪ, ਹਾਲੇ ਵੀ ਚੁੱਪ ਬੁਰੀ ਸਰਕਾਰੇ।

ਨਾਦਰੀ ਲੁੱਟ, ਜਹਿਰ ਦੇ ਘੁੱਟ, ਗਵਾ ਲਏ ਟੁੱਕ, ਰਹੇ ਨਾ ਸੁੱਖ, ਮਰਨ ਹਰਕਾਰੇ।

ਕੁੱਕੜਾਂ ਰੇਟ, ਨਾ ਕੁੜੀਆਂ ਵੇਚ, ਰੱਬ ਨੂੰ ਵੇਖ, ਮੁੜਨਗੇ ਲੇਖ, ਆਖਦੀ ਬਾਣੀ।

ਦੁੱਲਿਆ ਪੁੱਤਾ, ਕਿਉਂ ਗਾਫਲ ਸੁੱਤਾ, ਚੁੱਲੇ ਤੇ ਕੁੱਤਾ, ਮਾਰ ਕੇ ਜੁੱਤਾ ਪਿਆ ਦੇ ਪਾਣੀ।

ਰੋਟੀ ਦੀ ਮੰਗ, ਕਰਾਵੇ ਜੰਗ, ਤੋੜਦੀ ਅੰਗ , ਨਾ ਜੁੜਦੇ ਛੰਦ, ਬਹੱਤਰ ਕਲੀਏ।

ਮਾਣਦੀ ਸੇਜਾਂ, ਵਾਂਗ ਗਰੇਜਾਂ, ਖਾਲੀ ਨੇ ਜੇਬਾਂ, ਖਤ ਕੀ ਭੇਜਾਂ ਨਾ ਗਲ਼ਣੇ ਦਲੀਏ।

📝 ਸੋਧ ਲਈ ਭੇਜੋ