ਸ਼ਿਵ ਜੇਹਾ ਸੋਗ ਹੈਨੀ, ਭੂਪੇ ਜੇਹਾ ਭੋਗ ਹੈਨੀ,
ਗੋਰਖ ਜਾ ਜੋਗ ਹੈਨੀ ਮੱਤ ਦੇਵੇ ਨਿੰਦ ਕੇ।
ਕੈਸ ਜਿਹਾ ਝੱਲ ਹੈਨੀ, ਕੌਸ ਜੇਹਾ ਜੱਲ ਹੈਨੀ
ਬੁੱਲੇ ਜਿਹੀ ਅੱਲ ਹੈਨੀ, ਰੱਖਦਾ ਸੀ ਲਿੰਬ ਕੇ।
ਜੀਲ ਜੇਹਾ ਰਾਗ ਹੈਨੀ, ਸਾਰ ਜੇਹਾ ਦਾਗ ਹੈਨੀ
ਮਿਸਰ ਜੇਹਾ ਬਾਗ ਹੈਨੀ, ਅਮਰਫਲ ਲੱਭਜੇ।
ਵੈਦ ਲੁਕਮਾਨ ਜੇਹਾ, ਯਵਨ ਦੇ ਦਾਨ ਜੇਹਾ
ਬਣ ਜੇ ਮਖਾਣ ਜੇਹਾ, ਜੇ ਅਕ-ਰਸਾ ਚੱਬਜੇ।
ਹਾਂਸ ਜੇਹਾ ਸ਼ਹਿਰ ਹੈਨੀ, ਹੀਰ ਜੇਹੀ ਬਹਿਰ ਹੈਨੀ
ਵਾਰੇ ਜਿਹਾ ਸ਼ਾਇਰ ਹੈਨੀ, ਚੇਲੜਾ ਕਸੂਰ ਦਾ।
ਨੂਹ ਜੇਹਾ ਤੂਫਾਨ ਹੈਨੀ, ਬੱਟ ਜਿਹਾ ਵਾਣ ਹੈਨੀ,
ਮੂਸੇ ਵਾਗੂੰ ਤਾਣ ਹੈਨੀ ਸਾਨੂੰ ਕੋਹਿਤੂਰ ਦਾ।
ਰਾਂਝੇ ਜੇਹੀ ਆਹ ਹੈਨੀ, ਧਰੂ ਜੇਹੀ ਮਾਂ ਹੈਨੀ
ਨਾਨਕ ਜਾ ਨਾਂ ਹੈਨੀ, ਲਈਏ ਰੂਹ ਖਿਲਜੇ।
ਪੰਜਾਬ ਜੇਹਾ ਦੇਸ ਹੈਨੀ, ਕਾਰੂ ਜਿਹਾ ਸੇਠ ਹੈਨੀ
ਯੂਸਫ ਜਿਹੇ ਲੇਖ ਹੈਨੀ, ਖੂਹੋਂ ਰਾਜ ਮਿਲਜੇ।
ਤਖ਼ਤ ਸੁਲੇਮਾਨ ਜੇਹਾ, ਯੂਨਸ ਦੇ ਹਾਣ ਜੇਹਾ
ਪਾਰਸ ਯੂਨਾਨ ਜੇਹਾ, ਯੁੱਧ ਨਹੀਂ ਮੱਚਣਾ।
ਔਲੀਆ ਦਗੋਲੀ ਹੋਜੇ, ਸੇਖ ਜੇ ਕਬੋਲੀ ਹੋਜੇ
ਹਾੜ ਵਿਚ ਹੋਲੀ ਹੋਜੇ, ਕਰੋ ਪਰਦੱਖਣਾ।
ਹੁਸੈਨੀ ਜਿਹੀ ਧਾਰ ਹੈਨੀ, ਹੀਰ ਜੇਹੀ ਨਾਰ ਹੈਨੀ
ਪੋਟਿਆਂ ਤੇ ਭਾਰ ਹੈਨੀ, ਬੇਟੀ ਜਿਉਂ ਤੈਮੁਸ ਦੀ।
ਨਦੀ ਨਾ ਝਨਾਰੇ ਜਿਹੀ, ਆਸ਼ਕੀ ਬੁਖਾਰੇ ਜਿਹੀ,
ਸਦੀ ਨਾ ਸਿਤਾਰੇ ਜਿਹੀ, ਮੁੜ ਆਉਣੀ ਰੂਸ ਦੀ।
ਕਜ਼ਾ ਜੇ ਨਿਮਾਜ਼ ਹੋਜੇ, ਚੌਪਟਾਂ ਦਾ ਰਾਜ ਹੋਜੇ,
ਤਰੰਟੀ ਸਿਰ ਤਾਜ਼ ਹੋਜੇ, ਮੁੰਨ ਲਵੋ ਦਾਹੜੀਆਂ।
ਜੀਭਾਂ ਬੁਰੇ ਚੱਟੀਆਂ ਨੂੰ, ਸੇਜ਼ਾਂ ਉੱਤੋਂ ਸੱਟੀਆਂ ਨੂੰ,
ਸਤਗੁਰਾ ਛੱਟੀਆਂ ਨੂੰ ਤੋਰੀਏ ਅਗਾੜੀਆਂ।