ਮੈਂ ਮਾਂ ਹਾਂ
ਤਿੰਨ ਪੁੱਤਾਂ ਦੀ
ਕਿੰਜ ਦਰਦ ਹੰਢਾਵਾਂ ਮੈਂ
ਕਿਸ ਨਾਲ ਵੰਡਾਵਾਂ ਮੈਂ
ਕਿਸੇ ਹਿੰਦੁਆਣੀ ਦੇ
ਜਾਈ ਸਾਂ
ਇਕ ਸਿੱਖ ਨਾਲ
ਵਿਆਹੀ ਸਾਂ
ਉਹ ਸੰਨ ਸੰਤਾਲੀ ਸੀ
ਜਦੋਂ ਇਕ ਮੁਸਲਮਾਨ
ਨੇ ਉਧਾਲੀ ਸੀ
ਤਿੰਨਾਂ ਦੇ ਨਾਲ
ਮੇਰੀ ਸਾਂਝ ਸੀ
ਰਾਮ, ਵਾਹਿਗੁਰੂ, ਅੱਲ੍ਹਾ
ਮੇਰੇ ਨਾਲ ਸੀ
ਮੈਂ ਆਪਣੀ ਕੁੱਖੋਂ
ਤਿੰਨ ਪੁੱਤ ਜਾਏ ਸੀ
ਵੱਡਾ ਮੁਰਾਰੀ ਲਾਲ ਸੀ
ਮੰਝਲਾ ਸਿੰਘ ਗੁਰਲਾਲ ਸੀ
ਛੋਟਾ ਮੁਹੰਮਦ ਹਾਲੇ ਬਾਲ ਸੀ
ਜਦੋਂ ਵਰਤਿਆ
ਸੰਤਾਲੀ ਵਾਲਾ ਕਹਿਰ ਸੀ
ਉਦੋਂ ਗੁਆਇਆ ਮੈਂ
ਇਕ ਲਾਲ ਸੀ
ਫੇਰ ਇਕ ਦੌਰ
ਹੋਰ ਚਲਿਆ ਸੀ
ਜਦੋਂ ਕਿਸੇ ਮੇਰੀ ਕੁੱਖ
ਨੂੰ ਰੁਆਇਆ ਸੀ
ਏ ਕੇ ਸੰਤਾਲੀ
ਨੇ ਮੇਰਾ ਦੂਜਾ ਲਾਲ
ਸੁਆਇਆ ਸੀ
ਪਤਾ ਨਹੀਂ ਮੇਰੇ
ਭਾਗਾਂ 'ਚ ਕੀ ਲਿਖਿਆ ਸੀ
ਅਸੀਂ ਗੁਜਰਾਤ ਫੇਰੀ
’ਤੇ ਆਏ ਸੀ
ਮੇਰੇ ਮੁਹੰਮਦ ਨੂੰ
ਕਹਿਰ ਨੇ ਮੁਕਾਇਆ ਸੀ
ਮੈਂ ਕੂਕ ਕੂਕ ਰੋਈ ਸਾਂ
ਕੱਖੋਂ ਹੌਲੀ ਹੋਈ ਸਾਂ
ਮੇਰੇ ਤਿੰਨੇ ਪੁੱਤਾਂ
ਦੇ ਖ਼ੂਨ ਦਾ ਰੰਗ ਲਾਲ ਸੀ
ਇਕ ਹਿੰਦੂ, ਇਕ ਸਿੱਖ, ਇਕ ਮੁਸਲਮਾਨ ਸੀ
ਮੈਂ ਤਿੰਨਾਂ ਦੀ ਹੀ ਮਾਂ ਸਾਂ
ਕਿਸਨੂੰ ਦਰਦ ਸੁਣਾਵਾਂ ਮੈਂ
ਕਿੰਜ ਕਾਲਜਾ ਵਿੰਨਿਆ ਦਿਖਾਵਾਂ ਮੈਂ
ਮੈਂ ਮਾਂ ਹਾਂ ਤਿੰਨ ਪੁੱਤਾਂ ਦੀ