ਮੈਂ ਕੋਲੋਂ ਪਾਰ ਲੰਘਣਾ

ਮੈਂ ਕੋਲੋਂ ਪਾਰ ਲੰਘਣਾ 

ਤੇਰੇ ਬਿਨ ਲੰਘਿਆ ਨਾ ਜਾਵੇ 

ਤੇਰੇ ਕੋਲੋਂ ਤੈਨੂੰ ਮੰਗਣਾ

ਤੇਰੇ ਬਿਣ ਮੰਗਿਆ ਨਾ ਜਾਵੇ

ਪੌਣ ਪਰਦੇਸੀ ਸਦਾ 

ਸੱਜਣਾਂ ਨੂੰ ਲੱਭਦੀ

ਮੇਲ ਤੇ ਜੁਦਾਈ ਜਿੰਦ 

ਕਦੇ ਵੀ ਨਾ ਰੱਜਦੀ

ਪੌਣ ਦਾ ਲਿਬਾਸ ਮੰਗਣਾ 

ਤੇਰੇ ਬਿਨ ਮੰਗਿਆ ਨਾ ਜਾਵੇ 

ਮੈਂ ਕੋਲੋਂ ਪਾਰ ਲੰਘਣਾ

ਪਾਣੀ ਦੇ ਨਸੀਬਾਂ ਵਿੱਚ

ਸਾਥ ਸਦਾ ਰੇਤ ਦਾ

ਅੰਬਰਾਂ 'ਤੇ ਜਾ ਕੇ ਪਾਣੀ

ਮਿੱਟੀ ਵੱਲ ਵੇਖਦਾ

ਪਾਣੀ ਵਾਲਾ ਰੰਗ ਮੰਗਣਾ 

ਤੇਰੇ ਬਿਨ ਮੰਗਿਆ ਨਾ ਜਾਵੇ 

ਮੈਂ ਕੋਲੋਂ ਪਾਰ ਲੰਘਣਾ

ਅਗਨੀ ਦੇ ਅੰਗਾਂ ਵਿਚ

ਪਾਣੀ ਦੀ ਪਿਆਸ

ਬਲਦੇ ਚਿਰਾਗ ਰਹਿਣ

ਇਹੋ ਅਰਦਾਸ

ਅੱਗ ਦਾ ਕਲੀਰਾ ਮੰਗਣਾ 

ਤੇਰੇ ਬਿਨ ਮੰਗਿਆ ਨਾ ਜਾਵੇ 

ਮੈਂ ਕੋਲੋਂ ਪਾਰ ਲੰਘਣਾ

ਮਿੱਟੀ ਮੇਰੀ ਮਾਂ ਅਤੇ 

ਮਿੱਟੀ ਅੰਗ ਸਾਕ ਏ 

ਮਿੱਟੀ ਮੇਰੀ ਭੁੱਖ 

ਮਿੱਟੀ ਹੀ ਪਿਆਸ

ਮਿੱਟੀ ਕੋਲੋਂ ਮੋਹ ਮੰਗਣਾ 

ਤੇਰੇ ਬਿਨ ਮੰਗਿਆ ਨਾ ਜਾਵੇ 

ਮੈਂ ਕੋਲੋਂ ਪਾਰ ਲੰਘਣਾ 

ਸੂਹੇ ਸੂਹੇ ਰੰਗ ਸੋਹਣੇ 

ਖਿੜਦੇ ਗੁਲਾਬ ਨੇ 

ਸੀਨੇ ਖੁਸ਼ਬੋਈ

ਸਿਰ ਕੰਡਿਆਂ ਦੇ ਤਾਜ ਨੇ 

ਕੰਡਿਆਂ ਤੋਂ ਫੁੱਲ ਮੰਗਣਾ 

ਤੇਰੇ ਬਿਨ ਮੰਗਿਆ ਨਾ ਜਾਵੇ 

ਮੈਂ ਕੋਲੋਂ ਪਾਰ ਲੰਘਣਾ

ਦੇਹੀ ਵਿੱਚ ਦੋਸਤੀ ਤੇ 

ਰੂਹ 'ਚ ਵੈਰਾਗ

ਹਰਫ਼ਾਂ ਦਾ ਹੰਸ ਹਾਂ

ਸ਼ਾਇਰੀ ਪਰਵਾਜ਼

ਸ਼ਬਦਾਂ ਦੇ ਸਰ ਮੰਗਣਾ 

ਤੇਰੇ ਬਿਨ ਮੰਗਿਆ ਨਾ ਜਾਵੇ 

ਮੈਂ ਕੋਲੋਂ ਪਾਰ ਲੰਘਣਾ

ਆਤਮਾ ਤਾਂ ਅੰਬਰਾਂ 'ਤੇ 

ਮਾਰਦੀ ਉਡਾਰੀ ਏ 

ਤਾਰਿਆਂ ਦੇ ਨਾਲ ਸਾਡੀ 

ਸ਼ੁਰੂ ਤੋਂ ਹੀ ਯਾਰੀ

ਚੰਨ ਤੋਂ ਚਰਾਗ਼ ਮੰਗਣਾ 

ਤੇਰੇ ਬਿਨ ਮੰਗਿਆ ਨਾ ਜਾਵੇ

ਮੈਂ ਕੋਲੋਂ ਪਾਰ ਲੰਘਣਾ 

ਤੇਰੇ ਬਿਨ ਲੰਘਿਆ ਨਾ ਜਾਵੇ 

ਤੇਰੇ ਕੋਲੋਂ ਤੈਨੂੰ ਮੰਗਣਾ 

ਤੇਰੇ ਬਿਣ ਮੰਗਿਆ ਨਾ ਜਾਵੇ

📝 ਸੋਧ ਲਈ ਭੇਜੋ