ਮੈਂ ਪੂਣੀ ਦਾ ਚੰਨ

ਮੈਂ ਪੂਣੀ ਦਾ ਚੰਨ ਬਣਾ ਕੇ ਰਸਤਾ ਤੱਕਿਆ ਚੇਤਰ ਦਾ।

ਖ਼ੋਰੇ ਕਾਹਨੂੰ ਮੇਰੇ ਕੋਲੋਂ ਮੌਸਮ ਝੱਕਿਆ ਚੇਤਰ ਦਾ।

ਹਰਿਆ ਭਰਿਆ ਰੂਪ ਸੁਲੱਖਣਾ, ਹਿਰਸੀ ਨਜ਼ਰਾਂ ਖਾ ਗਈਆਂ,

ਹਿੱਜਰਾਂ ਦੇ ਪੱਤਝੜ ਵਿਚ ਝੱੜ ਝੱੜ ਜੋਬਨ ਥੱਕਿਆ ਚੇਤਰ ਦਾ।

ਮੋਰਾਂ ਵਾਂਗ ਹਯਾਤੀ ਪੈਲਾਂ ਪਾਂਦੀ ਪਾਂਦੀ ਹਫ਼ ਗਈ,

ਜਾਦੂਗਰਨੀ ਰੁੱਤ ਨੇ ਕੇ ਸਾਹ ਕੀ ਡੱਕਿਆ ਚੇਤਰ ਦਾ।

ਏਨੀ ਗਲ ਪੁੱਛਣੀ ਸੀ ਮੈਂ ਸ਼ੀਸ਼ੇ ਦੇ ਗੁਲਦਾਨਾਂ ਤੋਂ,

ਕਾਗ਼ਜ਼ ਦੇ ਫੁੱਲਾਂ ਕਿਉਂ ਨੰਗਾ ਸਿਰ ਨਹੀਂ ਢਕਿਆ ਚੇਤਰ ਦਾ।

ਤੇਰੇ ਬਾਝੋਂ ਨੈਣ ਨਿਰਾਸੇ, ਦਿਲੜੀ ਚੈਨ ਕੀ ਪਾਵੇ,

ਤੇਰੇ ਬਾਝੋਂ ਰੁੱਤਾਂ ਨੇ ਵੀ ਮੋਹਰਾ ਫੱਕਿਆ ਚੇਤਰ ਦਾ।

ਏਸ ਵਰ੍ਹੇ ਵੀ ਨੇ੍ਰੀ ਝੁੱਲੀ ਬੂਰ ਪਿਆ ਜਦ ਲਗ਼ਰਾਂ ਤੇ,

ਏਸ ਵਰ੍ਹੇ ਵੀ ਰੁੱਖਾਂ ਉਤੇ ਫੁੱਲ ਨਾ ਪੱਕਿਆ ਚੇਤਰ ਦਾ।

ਕਿਥੋਂ ਨੀਝ ਅਸਾਡੀ ਵਿਚੋਂ ਚੁੱਕੇ ਰੰਗ ਮੁਸੱਵਰ ਨੇ,

ਕੈਨਵਸ ਉਤੇ ਖੁੱਲ੍ਹ ਖਲੋਤਾ ਮੰਜ਼ਰ ਅੱਕਿਆ ਚੇਤਰ ਦਾ।

ਦਿਲ ਟਹਿਣੀ ਤੇ ਪੁੰਗਰਨ ਕਲੀਆਂ ਅੱਖ ਦੀ ਇੱਕੋ ਸੈਂਤਰ ਤੇ,

ਉਹਦੇ ਬਾਝੋਂ ਹਿਰਖ ਹਵਾਵਾਂ ਮੁੱਖੜਾ ਢਕਿਆ ਚੇਤਰ ਦਾ।

ਮੈਂ ਸ਼ਾਖ਼ਾਂ ਤੋਂ ਝੜਦੇ ਹਰ ਪੱਤਰ ਦੀ ਲੂਹਣੀ ਲਿਖਣੀ ਆਂ,

ਮੇਰਾ ਦੇਂਹ ਵੀ ਤਾਹੀਓਂ ਮੁੱਖੜਾ ਵੇਖ ਨਾ ਸਕਿਆ ਚੇਤਰ ਦਾ।

ਮੌਸਮ ਵਰਗੇ ਪਰਦੇ ਦਾ ਕਿਉਂ ਪਰਦਾ ਜਿੰਦੜੀ ਹੋਈ ਏ,

ਕਿਉਂ ਪਰਦੇ ਨੇ ਪਰਦੇ ਉੱਤੋਂ ਪਰਦਾ ਚੁੱਕਿਆ ਚੇਤਰ ਦਾ।

ਸੁਗ਼ਰਾ ਸੱਦਫ਼ ਮੈਂ ਆਸ ਵਿਆਹੀ ਖ਼ਵਾਬਾਂ ਭਰੀ ਹਵੇਲੀ ਵਿਚ,

ਵੇਖ ਕੇ ਸੱਚੀਆਂ ਤਾਬੀਰਾਂ ਬਹੂੰ ਦਿਲ ਧੜਕਿਆ ਚੇਤਰ ਦਾ।

📝 ਸੋਧ ਲਈ ਭੇਜੋ