ਮੈਂ ਪੰਜਾਬ ਹਾਂ ! ਮੈਂ ਪੰਜਾਬ ਹਾਂ !!
ਤਿਰਸ਼ੂਲ, ਖੰਡੇ ਸਲੀਬ ਦੀ
ਸਾਂਝੀ ਮਿੱਸੀ ਤਹਿਜ਼ੀਬ ਦੀ
ਮੈਂ ਸਮੇਂ ਦੇ ਗਰਦੋ-ਗੁਬਾਰ ਦੀ
ਸਦੀਆਂ ਪੁਰਾਣੀ ਕਿਤਾਬ ਹਾਂ
ਮੈਂ ਪੰਜਾਬ ਹਾਂ ।...ਪੰਜਾਬ ਹਾਂ !!
ਮੈਂ ਦੁਆ ਕਿਸੇ ਹਾਂ ਫ਼ਕੀਰ ਦੀ
ਰਹਿਮਤ ਅੱਲਹ ਬੇਨਜ਼ੀਰ ਦੀ
ਮੈਂ ਕਟਾ ਕੇ ਸੀਸ ਸਮੇਂ-ਸਮੇਂ
ਸੱਜਦਾ ਰਿਹਾ ਜੋ ਗੁਲਾਬ ਹਾਂ
ਮੈਂ ਪੰਜਾਬ ਹਾਂ !...... ਹਾਂ !!
ਮੇਰੇ ਬੋਲ ਵੇਦ ਗਰੰਥ ਨੇ
ਸੱਭ ਨੇ ਸਲਾਹੇ ਬੇਅੰਤ ਨੇ
ਨਾਜ਼ਲ ਜਿਹਦੀ ਸੁਰ ਤੇ ਹੋਈ
ਬਾਣੀ ਮੈਂ ਉਹੋ ਰਬਾਬ ਹਾਂ
ਮੈਂ ਪੰਜਾਬ ਹਾਂ ! ਮੈਂ ...... ਹਾਂ !!
ਮੇਰੇ ਪੈਰਾਂ ਹੇਠ ਬੁਲੰਦੀਆਂ
ਫ਼ਿਤਰਤ 'ਚ ਅਮਨ ਪਸੰਦੀਆਂ
ਮੈਂ ਸਮੇਂ ਦੇ ਅੱਥਰੇ ਘੋੜੇ ਦੀ
ਕਾਠੀ ਲਗਾਮ ਰਕਾਬ ਹਾਂ
ਮੈਂ ਪੰਜਾਬ ਹਾਂ ! ਮੈਂ ਪੰਜਾਬ ਹਾਂ !!
ਮੈਂ ਲਹੂ-ਲੁਹਾਨ ਕਿਉਂ ਹੋ ਗਿਆ
ਮੈਨੂੰ ਵੇਖ ਹਰ ਕੋਈ ਰੋ ਪਿਆ।
ਮੇਰਾ ਸਬਰ ਟੁੱਟਦਾ ਜਾ ਰਿਹਾ
ਪੱਛਿਆ ਗਿਆ ਬੇਹਿਸਾਬ ਹਾਂ ।
ਮੈਂ ਪੰਜਾਬ ਹਾਂ ! ਮੈਂ ਪੰਜਾਬ ਹਾਂ !!