ਮੈਨੂੰ ਗੀਤ ਲਿਖਣ ਲਈ ਕਹਿ ਚੱਲਿਐ
ਇੱਕ ਅੱਥਰੂ ਅੱਖ ਵਿੱਚ ਬਾਕੀ ਸੀ
ਅੱਜ ਉਹ ਵੀ ਵਿਚਾਰਾ ਵਹਿ ਚੱਲਿਐ
ਵਰ ਮੰਗਿਆ ਮਾਂ ਨੇ ਪੀਰਾਂ ਤੋਂ
ਮੇਰੇ ਨੂਰ ਦੀ ਇਹ ਤੌਫ਼ੀਕ ਰਹੇ
ਕੁੱਲ ਅੱਥਰੂ ਸਾਲਮ ਆਲਮ ਦਾ
ਮੇਰੇ ਪੁੱਤ ਦੇ ਨਾਂ ਤਸਦੀਕ ਰਹੇ
ਉਸ ਦਿਨ ਤੋਂ ਡੁੱਬਦਾ ਹਰ ਸੂਰਜ
ਮੇਰੇ ਖੂਨ 'ਚ ਡੂੰਘਾ ਲਹਿ ਚੱਲਿਐ
ਮੈਨੂੰ ਗੀਤ ਲਿਖਣ ਲਈ ਕਹਿ ਚੱਲਿਐ
ਇਕ ਮਿਲਿਆ ਜ਼ਖਮ ਜਵਾਨੀ ਤੋਂ
ਅਸੀ ਚੰਨ ਨੂੰ ਯਾਰ ਬਣਾ ਬੈਠੇ
ਜੋ ਲੱਪ ਕੁ ਚਾਨਣ ਪੱਲੇ ਸੀ
ਦਰ ਉਹਦੇ ਅਰਘ ਚੜ੍ਹਾ ਬੈਠੇ
ਚੰਨ ਅੰਬਰੋਂ ਥੱਲੇ ਆਇਆ ਨਾ
ਚਾਅ ਗਲ ਮਿਲਣੇ ਦਾ ਰਹਿ ਚੱਲਿਐ
ਮੈਨੂੰ ਗੀਤ ਲਿਖਣ ਲਈ ਕਹਿ ਚੱਲਿਐ
ਜਦੋਂ ਮੰਗਿਆ ਸਾਥ ਹਵਾਵਾਂ ਦਾ
ਜੰਗਲ ਤੋਂ ਇਹ ਇਲਜ਼ਾਮ ਲਿਆ
ਰੁੱਖਾਂ ਦੇ ਦੁੱਖ ਨੂੰ ਕੀ ਜਾਣੇ
ਇਹ ਬੰਦਿਆਂ ਵਰਗਾ ਆਮ ਜਿਹਾ
ਨਾ ਪੌਣ ਬਣੇ ਨਾ ਛਾਂ ਹਾਸਲ
ਪੰਧ ਉਮਰ ਦਾ ਥੋੜ੍ਹਾ ਰਹਿ ਚੱਲਿਐ
ਮੈਨੂੰ ਗੀਤ ਲਿਖਣ ਲਈ ਕਹਿ ਚੱਲਿਐ
ਇੱਕ ਦਿੱਤਾ ਦੁੱਖ ਹਮਸਾਇਆਂ ਨੇ
ਮਿੱਟੀ ਦੀ ਸੁੱਚ ਗਵਾ ਬੈਠੇ
ਧਰਮਾਂ ਦਾ ਸੌਦਾ ਵੇਚਣ ਲਈ
ਬੋਲੀ ਨੂੰ ਦਾਅ ਤੇ ਲਾ ਬੈਠੇ
ਲੋਰੀ ਜੇ ਲਹੂ ਵਿੱਚ ਡੁੱਬ ਜਾਵੇ
ਪਾਪ ਕਿਹੜਾ ਫਿਰ ਰਹਿ ਚਲਿਐ
ਮੈਨੂੰ ਗੀਤ ਲਿਖਣ ਲਈ ਕਹਿ ਚੱਲਿਐ
ਜਿੱਥੇ ਸੁਪਨੇ ਬੀਜੇ ਨੈਣਾਂ ਨੇ
ਉਹ ਧਰਤ ਤਾਂ ਕੱਲਰ ਮਾਰੀ ਸੀ
ਲੱਖ ਬੱਦਲ ਵਰਸੇ ਰਹਿਮਤ ਦੇ
ਸਾਗਰ ਦੀ ਸੋਚ ਤਾਂ ਖਾਰੀ ਸੀ
ਮਨ ਰੀਝ ਸੀ ਮਾਨ ਸਰੋਵਰ ਦੀ
ਬਸ ਛੱਪੜ ਜੋਗਾ ਰਹਿ ਚੱਲਿਐ
ਮੈਨੂੰ ਗੀਤ ਲਿਖਣ ਲਈ ਕਹਿ ਚੱਲਿਐ
ਇਕ ਪੀੜ ਮਿਲੀ ਹੈ ਖਲਕਤ ਤੋਂ
ਇਕ ਕੇਹੀ ਹਨੇਰੀ ਝੁੱਲੀ ਹੈ
ਮਿੱਟੀ ਨਾ ਆਦਮ ਖੋਰ ਬਣੇ
ਰੱਤ ਧਰਤ ਤੇ ਏਨੀ ਡੁੱਲੀ ਹੈ
ਰੱਬ ਖ਼ੈਰ ਕਰੇ ਸਭ ਠੀਕ ਰਹੇ
ਹਰ ਟੁੱਟਦਾ ਤਾਰਾ ਕਹਿ ਚੱਲਿਐ
ਮੈਨੂੰ ਗੀਤ ਲਿਖਣ ਲਈ ਕਹਿ ਚੱਲਿਐ