ਮੱਮਾ ਮੁੱਖ ਵੀ ਖ਼ੁਸ਼ੀ ਹਲਾਇ ਪਿਆਰੇ, ਜੀਵ ਦਿਲ ਮੇਂ ਰਾਮ ਦੇ ਜਾਪ ਨੂੰ ਤੂੰ।
ਜੇਕਰ ਦਿਲ ਨਾ ਵਸਿਆ ਰਾਮ ਤੇਰੇ, ਮਾਲਾ ਤਸਬੀਆਂ ਫੜੀਆਂ ਕਾਸਨੂੰ ਤੂੰ।
ਸਾਧੂ ਹੋਇਕੇ ਸਿਮਰੇ ਰਾਮ ਨਾਹੀਂ, ਕਾਹਨੂੰ ਪਹਿਨਿਆਂ ਭੇਖ ਲਿਬਾਸ ਨੂੰ ਤੂੰ।
ਸਾਧੂ ਜਾਣਕੇ ਜਦ ਹੈ ਸੀਸ ਨਿਊਂਦਾ, ਏਹੀ ਚੁੱਕਿਆ ਸੀਸ ਤੇ ਪਾਪ ਨੂੰ ਤੂੰ।
ਪਹਿਣ ਭਗਵਾ ਸੋਨ ਦੀ ਜਾਲ ਫੇਰੀ, ਵਿੱਚ ਪਾਇਕੇ ਪਾਪ ਦੀ ਲਾਲ ਨੂੰ ਤੂੰ ।
ਝੂਠ-ਸੱਚ ਨੂੰ ਛਿਨ ਮੇਂ ਪਰਖ ਲੈਣਾ, ਨਾਹੀ ਜਾਣਦਾ ਸਾਹਬ-ਸਰਾਫ਼ ਨੂੰ ਤੂੰ ।
ਏਹੋ ਧਰਮ ਫ਼ਕੀਰ ਦੇ ਹੋਵਣੇ ਦਾ, ਗਾਵੀਂ ਹਰੀ ਗੁਣ ਦਿਨ ਤੇ ਰਾਤ ਨੂੰ ਤੂੰ।
ਖ਼ਰਚ ਏਸ ਨੂੰ ਨਾਮ ਦੇ ਲਾਲ ਉੱਤੇ, ਬਿਰਥੀ ਗੁਆਵੀਂ ਨ ਦਮਾਂ ਦੀ ਰਾਸ ਨੂੰ ਤੂੰ।
ਅੱਠੇ ਪਹਿਰ ਹੀ ਦਿਲ ਮੇਂ ਯਾਦ ਰੱਖੀਂ, ਕਰਨਹਾਰ ਕਰਤਾਰ ਰਘੁਨਾਥ ਨੂੰ ਤੂੰ ।
ਭਾਵੇਂ ਕਰ ਭਗਵੇ ਭਾਵੇਂ ਪਹਿਣ ਚਿੱਟੇ, ਭਾਵੇਂ ਮਲੀਂ ਭਬੂਤ ਤੇ ਰਾਖ ਨੂੰ ਤੂੰ ।
ਭਾਵੇਂ ਇੰਦਰੀ ਜਿੰਦਰਾ ਲਾਇ ਛੱਡੀਂ, ਭਾਵੇਂ ਕਰਕੇ ਬੈਠ ਘਰਵਾਸ ਨੂੰ ਤੂੰ।
ਲਾ ਕੇ ਜਿੰਦਰਾ ਕੁੱਝ ਨਾ ਹੱਥ ਆਵੇ, ਵਿਚੋਂ ਰੱਖਿਆ ਨੀਤ ਨਾ ਸਾਫ਼ ਨੂੰ ਤੂੰ ।
ਵਰਮੀ ਪੁੱਟਿਆਂ ਨਫ਼ਾ ਨਾ ਕੁੱਝ ਹੋਵੇ, ਜੇਕਰ ਮਾਰਿਆ ਨਾ ਵਿੱਚੋਂ ਸਾਪ ਨੂੰ ਤੂੰ ।
ਬਿਨਾ ਨਾਮ ਤੋਂ ਮੁਕਤ ਨਾ ਹੋਵਣੀ ਜੇ, ਕਰੀਂ ਭੇਖ ਹਜ਼ਾਰ ਤੇ ਲਾਖ ਨੂੰ ਤੂੰ।
ਮੰਦੇ ਵੇਲੇ ਕੁਕਰਮ ਨੂੰ ਛੋਡ ਬੰਦੇ, ਜੂਆ ਕੰਜਰੀ ਤੇ ਲਾਖ ਨੂੰ ਤੂੰ ।
ਜੀਹਦਾ ਉੱਤਰੇ ਅਮਲ ਕਦੰਤ ਨਾਹੀਂ, ਪੀਲੀਂ ਸੱਚ ਦੀ ਆਬ-ਹਯਾਤ ਨੂੰ ਤੂੰ।
ਅੰਤ ਵੇਲੜੇ ਕਿਸੇ ਨਾ ਸੰਗ ਜਾਣਾ, ਜਾਨ ਝੂੱਠ ਕੁੰਟਬ ਦੇ ਸਾਕ ਨੂੰ ਤੂੰ।
ਜਾਂਦੀ ਵਾਰ ਨੂੰ ਨਾਮ ਨੇ ਸੰਗ ਜਾਣਾ, ਕਾਹਨੂੰ ਛੋਡਦਾ ਧੁਰ ਦੇ ਸਾਥ ਨੂੰ
ਬੰਦੇ ਗੰਦ ਪਲੀਤੀਆਂ ਨਾਲ ਭਰਿਆ, ਪਾਕ ਹੋਵਸੋਂ ਸਿਮਰ ਕਰਤਾਰ ਨੂੰ ਤੂੰ।
ਤੇਰਾ ਸਦਾ ਨਾ ਜੱਗ ਮੁਕਾਮ ਰਹਿਣਾ, ਕਚ ਹੋਵਣਾ ਅੱਜ ਭਲਾਕ ਨੂੰ ਤੂੰ।
ਜਿਹੜਾ ਕਰਮ ਕਰਨਾ ਸੋਈ ਅੱਜ ਕਰਲੈ, ਦਿਲੋਂ ਛੋਡਦੇ ਭਲਕ ਦੀ ਆਸ ਨੂੰ ਤੂੰ।
ਸਰਬ-ਜੀਵ ਨੂੰ ਬ੍ਰਹਮ ਦਾ ਰੂਪ ਜਾਣੀਂ, ਵਿਚੋਂ ਮੇਟ ਕੇ ਭਰਮ ਦੁਐਤ ਨੂੰ ਤੂੰ।
ਦੇਵਾ ਸਿੰਘ ਹੈ ਰਾਮ-ਰਹੀਮ ਇੱਕੋ, ਕਾਹਨੂੰ ਮੰਨਿਆਂ ਜਾਤ ਸਫ਼ਾਤ ਨੂੰ ਤੂੰ।