ਮੱਮਾ ਕਹੇ ਮਿਲ ਗਏ ਜਿਨ੍ਹਾਂ ਗੁਰੂ ਪੂਰੇ, ਛੱਡ ਗਏ ਸ਼ਰੀਕਤਾਂ-ਵਾਦੀਆਂ ਨੂੰ।
ਜਿਹੜੀ ਮੰਜ਼ਲ ਅੰਦਰ ਫ਼ੱਕਰ ਖੇਡਦੇ ਨੇ, ਓਥੇ ਖ਼ਬਰ ਨ ਪੰਡਤਾਂ-ਕਾਜ਼ੀਆਂ ਨੂੰ।
ਜਿਨ੍ਹਾਂ ਆਸ਼ਕਾਂ ਦੇ ਸਿਰਾਂ ਨਾਲ ਦਾਵੇ, ਓਹ ਕੀ ਜਾਣਦੇ ਪਾਸਿਆਂ-ਬਾਜ਼ੀਆਂ ਨੂੰ ।
ਜਿਨ੍ਹਾਂ ਤਿਆਗਿਆ ਭੋਗ ਪਦਾਰਥਾਂ ਨੂੰ, ਓਹ ਕੀ ਜਾਣਦੇ ਜੀਭ ਸਵਾਦੀਆਂ ਨੂੰ।
ਓਹ ਕੀ ਜਾਣਦੇ ਕੋਟ ਪਤਲੂਨ ਬਰਦੀ, ਜਿਨ੍ਹਾਂ ਪਾਵਣਾ ਤੇੜ ਤੜਾਗੀਆਂ ਨੂੰ।
ਗਿਟ-ਮਿਟ ਅੰਗਰੇਜ਼ੀ ਦੀ ਜਾਣਦੇ ਕੀ, ਜਿਨ੍ਹਾਂ ਬੋਲਣਾ ਖ਼ਾਸ ਪੰਜਾਬੀਆਂ ਨੂੰ।
ਚਿੱਠੀ ਮੌਤ ਦੀ ਦੇ ਇੰਤਜ਼ਾਰ ਜਿਹੜੇ, ਓਹ ਕੀ ਜਾਣਦੇ ਕਾਟ-ਜਵਾਬੀਆਂ ਨੂੰ।
ਰੱਖੇ ਜਿਨ੍ਹਾਂ ਨੇ ਨਫ਼ਰ ਗੁਲਾਮ ਧੋਬੀ, ਉਹ ਨਾ ਪਹਿਨਦੇ ਕੱਪੜੇ ਦਾਗ਼ੀਆਂ ਨੂੰ।
ਜਿਹੜੇ ਮਸਤ-ਅਲਮਸਤ ਆਜ਼ਾਦ ਹੋਏ, ਓਹ ਕੀ ਜਾਣਦੇ ਗ਼ਮੀਆ-ਸ਼ਾਦੀਆਂ ਨੂੰ।
ਖ਼ਾਨੇ ਆਪਦੇ ਜਿਨ੍ਹਾਂ ਬਰਬਾਦ ਕੀਤੇ, ਓਹ ਕੀ ਜਾਣਦੇ ਔਰ ਅਬਾਦੀਆਂ ਨੂੰ।
ਜਿਨ੍ਹਾਂ ਦਿਲਾਂ ਤੇ ਧਨੁਖ ਟਕੋਰ ਲੱਗੇ, ਓਹ ਕੀ ਜਾਣਦੇ ਸੇਠ-ਨਵਾਬੀਆਂ ਨੂੰ।
ਜਿਨ੍ਹਾਂ ਇਸ਼ਕ, ਹਕੀਕਤ ਹਕੀਕਤ ਜਾਤਾ, ਓਹ ਕੀ ਜਾਣਦੇ ਇਸ਼ਕ-ਮਜਾਜ਼ੀਆਂ ਨੂੰ।
ਜਿਨ੍ਹਾਂ ਅਲਫ਼ ਦੇ ਹਰਫ਼ ਨੂੰ ਹਿਫ਼ਜ਼ ਕੀਤਾ, ਓਹ ਕੀ ਜਾਣਦੇ ਇਲਮ ਕਿਤਾਬੀਆਂ ਨੂੰ।
ਜਿਨ੍ਹਾਂ ਅੰਦਰੋਂ ਫੇਰ ਦੀਦਾਰ ਕੀਤਾ, ਓਹ ਕੀ ਜਾਣਦੇ ਨੇ ਕਾਬੇ-ਹਾਜੀਆਂ ਨੂੰ।
ਜਿਨ੍ਹਾਂ ਰੱਖਿਆ ਇਕ ਮਹਿਬੂਬ ਰਾਜੀ, ਓਹ ਕੀ ਜਾਣਦੇ ਹੋਰ ਨਰਾਜ਼ੀਆਂ ਨੂੰ।
ਜਿਹੜੇ ਰਹਿਨ ਨਿਹਾਲ ਹਰ ਹਾਲ ਅੰਦਰ, ਓਹ ਕੀ ਜਾਣਦੇ ਮਰਬ ਸ਼ਰਾਬੀਆਂ ਨੂੰ।
ਹੋਈ ਜਿਨ੍ਹਾਂ ਦੀ ਠੀਕ ਨਿਸਚਲ ਬ੍ਰਿਤੀ, ਓਹ ਕੀ ਜਾਣਦੇ ਝੂਠ ਸਮਾਧੀਆਂ ਨੂੰ।
ਜਿੰਦਾ ਜਿਗਰ ਦਾ ਖੁਲ੍ਹਿਆ ਦਯਾ ਸਿੰਘਾ, ਰੱਬ ਲੱਗਿਆ ਜਿਨ੍ਹਾਂ ਦਾ ਚਾਬੀਆਂ ਨੂੰ।