ਮਨਾਂ ਵਿਚ ਗੱਲ ਵੀ

ਮਨਾਂ ਵਿਚ ਗੱਲ ਵੀ ਕੋਈ ਨਹੀਂ ਨਾਰਾਜ਼ਗੀ ਵਾਲੀ

ਬਣੀ ਕੋਈ ਫਿਰ ਵੀ ਸਾਂਝ ਸਾਡੀ ਦੋਸਤੀ ਵਾਲੀ

ਬੜਾ ਸੀ ਚਾਅ ਕਿ ਸੂਰਜ ਆਪ ਮੈਨੂੰ ਮਿਲਣ ਆਇਆ ਹੈ

ਉਨ੍ਹੇ ਪਰ ਥਾਂ ਚੁਣੀ ਮਿਲਣੀ ਦੀ ਮੱਧਮ ਰੌਸ਼ਨੀ ਵਾਲੀ

ਕਦੇ ਕਿੰਤੂ—ਪਰੰਤੂ ਇਸ਼ਕ ਮੇਰੇ ’ਤੇ ਕਰਦਾ ਉਹ

ਖ਼ੁਦਾ ਜੇ ਬਖ਼ਸ਼ਦਾ ਉਸਨੂੰ ਵੀ ਬਖ਼ਸ਼ਿਸ਼ ਆਸ਼ਕੀ ਵਾਲੀ

ਭਲਾ ਮਿਰਜ਼ੇ ਜਿਹੀ ਜ਼ਿੰਦਾਦਿਲੀ ਉਹ ਕੀ ਵਿਖਾਵੇਗਾ

ਖ਼ਬਰ ਅਖ਼ਬਾਰ ’ਚੋਂ ਵੀ ਭਾਲਦਾ ਉਹ ਖ਼ੁਦਕੁਸ਼ੀ ਵਾਲੀ

ਜਿਵੇਂ ਹੰਝੂ ਲੁਕਾ ਕੇ ਮੈਂ ਧਰਾਂ ਮੁਸਕਾਨ ਦੇ ਓਹਲੇ

ਕਿਸੇ ਦੀ ਇਸ ਤਰ੍ਹਾਂ ਹੋਵੇ ਹਾਲਤ ਬੇਬਸੀ ਵਾਲੀ

‘ਅਮਰ’ ਦੇ ਮਰਨ ’ਤੇ ਅਫ਼ਸੋਸ ਕਰਦੇ ਲੋਕ ਕਹਿੰਦੇ ਨੇ

‘ਕਿਸੇ ਨੇ ਕੀ ਭਲਾ ਕਹਿਣੀ ਗ਼ਜ਼ਲ ਹੁਣ ਪੁਖ਼ਤਗੀ ਵਾਲੀ’

📝 ਸੋਧ ਲਈ ਭੇਜੋ