ਮੰਨਿਆ ਤੂੰ ਮੇਰਾ ਰੱਬ ਵੇ

ਮੰਨਿਆ ਤੂੰ ਮੇਰਾ ਰੱਬ ਵੇ 

ਪਰ ਕਦੇ ਤਾਂ ਕੱਲਿਆਂ ਛੱਡ ਵੇ

ਕੁਦਰਤ ਨੇ ਕਲਬੂਤ ਸਿਰਜਿਆ 

ਸਿਰਜੀ ਵਿੱਚ ਸਰਿਸ਼ਟੀ

ਰੂਹ ਦੀ ਰਮਜ਼ ਤਿਨ੍ਹਾਂ ਨੇ ਜਾਣੀ 

ਜਿਨ੍ਹਾਂ ਹਾਸਿਲ ਦਿੱਬ ਦਰਸ਼ਿਟੀ 

ਮੈਂ ਵਿੱਚ ਮੈਂ ਦਾ ਮਾਣ ਨਾ ਕਰੀਏ 

ਛੱਡਣਾ ਪੈਣਾ ਜੱਗ ਵੇ

ਇਸ ਦੇਹੀ ਵਿਚ ਸੌ-ਸੌ ਸੂਰਜ 

ਲੱਖ ਕਰੋੜਾਂ ਤਾਰੇ

ਤਨ ਦੀ ਪੋਥੀ ਸਾਰੇ ਪੜ੍ਹਦੇ 

ਮਨ ਦੀ ਕੌਣ ਵਿਚਾਰੇ

ਅੰਦਰ ਅੱਲਾ, ਅੰਦਰ ਮੌਲਾ 

ਅੰਦਰ ਸੌ-ਸੌ ਹੱਜ ਵੇ

ਦੇਹੀ ਦੇ ਵਿੱਚ ਗੀਤ ਸੁਲਗਦੇ 

ਨੈਣੀਂ ਨੂਰ ਨਜ਼ਾਰਾ

ਝੰਗ ਸਿਆਲੇਂ ਚੰਨ ਚਮਕਦਾ 

ਰੋਸ਼ਨ ਤਖਤ ਹਜ਼ਾਰਾ

ਕਾਇਆ ਕਰਮ ਧਰਮ ਸਭ ਤੇਰੇ 

ਕੀ ਲੋਕਾਂ ਦੀ ਲੱਜ ਵੇ

ਮਿੱਟੀ ਕਾਇਆ, ਮਿੱਟੀ ਮਾਇਆ

ਮਿੱਟੀ ਜਗਤ ਪਸਾਰਾ

ਮਿੱਟੀ ਬੋਲੇ ਦੁੱਖ ਸੁੱਖ ਫੋਲੇ

ਮਿੱਟੀ ਭੇਖ ਨਜ਼ਾਰਾ

ਰਿਸ਼ਤੇ ਨਾਤੇ ਮਰ ਮੁੱਕ ਜਾਣੇ

ਭਾਂਡਾ ਜਾਣਾ ਭੱਜ

ਮੰਨਿਆ ਤੂੰ ਮੇਰਾ ਰੱਬ ਵੇ

📝 ਸੋਧ ਲਈ ਭੇਜੋ