ਮੈਨੂੰ ਬੇਦਾਵੇ ਤੋਂ ਮੁਕਤ ਕਰੇ
ਇੱਕ ਮਿੱਤਰ ਪਿਆਰਾ ਮੰਗਦਾ ਹਾਂ
ਮੇਰਾ ਇਕ ਅੱਧ ਗੀਤ ਰਹੇ ਜੀਉਂਦਾ
ਕੋਈ ਦਰਦ ਹੁਧਾਰਾ ਮੰਗਦਾ ਹਾਂ
ਹੋਇਆ ਅਦਬ ਇਲਮ ਜੋ ਹਾਸਲ ਹੈ
ਉਸ ਇਕੋ ਗੱਲ ਸਮਝਾਈ ਹੈ
ਸ਼ਬਦਾਂ ਦੀ ਸੰਗਤ ਸੁੱਚੀ ਹੈ
ਬਾਕੀ ਹਰ ਵਸਤ ਪਰਾਈ ਹੈ
ਇਹ ਕਰਮ ਧਰਮ ਸਭ ਝੰਜਟ ਨੇ
ਇਹਨਾਂ ਤੋਂ ਕਿਨਾਰਾ ਮੰਗਦਾ ਹਾਂ
ਦਿਲ ਵਿੱਚ ਜੇ ਦਰਦ ਹੈ ਲੋਕਾਂ ਦਾ
ਰੂਹ ਸੱਤ ਅਸਮਾਨੀਂ ਉਡਦੀ ਏ
ਮਾਵਾਂ ਦਾ ਮੋਹ ਭਗਵਾਨ ਬਣੇ
ਹਰ ਖਾਹਸ਼ ਖੁਦਾ ਨੂੰ ਪੁੱਜਦੀ ਏ
ਪੀ ਜਾਵਾਂ ਜ਼ਹਿਰ ਜ਼ਮਾਨੇ ਦਾ
ਇਕ ਤੇਰਾ ਹੁੰਗਾਰਾ ਮੰਗਦਾ ਹਾਂ
ਜੋ ਖੁਦ ਖਾਤਰ ਹੀ ਜੀਉਂਦੇ ਨੇ
ਐਸਾ ਨਾ ਕੋਈ ਵੀ ਸਾਥ ਮਿਲੇ
ਮਿੱਟੀ ਦੇ ਮੋਹ ਲਈ ਮੌਤ ਮਿਲੇ
ਮੈਨੂੰ ਜੂਝਣ ਦਾ ਅਹਿਸਾਸ ਮਿਲੇ
ਹਰ ਗੀਤ ਮੇਰਾ ਸੁਕਰਾਤ ਬਣੇ
ਦੁੱਖ ਦਰਦ ਮੈਂ ਸਾਰਾ ਮੰਗਦਾ ਹਾਂ
ਦੁੱਖ ਸੁੱਖ ਸਭ ਰੱਬ ਦੀ ਬਖਸ਼ਿਸ਼ ਏ
ਮੇਰਾ ਐਸਾ ਕੋਈ ਵਿਸ਼ਵਾਸ ਨਹੀਂ
ਚੁੱਪ ਚਾਪ ਜ਼ੁਲਮ ਨੂੰ ਜਰ ਜਾਵਾਂ
ਇਹ ਮੇਰਾ ਤਾਂ ਇਤਿਹਾਸ ਨਹੀਂ
ਮੇਰਾ ਗੀਤ ਅਜੀਤ ਜੁਝਾਰ ਬਣੇ
ਮਾਹੀ ਦਾ ਇਸ਼ਾਰਾ ਮੰਗਦਾ ਹਾਂ
ਮੇਰੀ ਰੂਹ ਵਿੱਚ ਵਾਰਿਸ ਵਸਦਾ ਏ
ਹਰ ਹਰਫ ਹਮੇਸ਼ਾਂ ਹੀਰ ਬਣੇ
ਜੋ ਦਰਦ ਹੰਢਾਇਆ ਰਾਂਝਣ ਨੇ
ਮੇਰੇ ਗੀਤਾਂ ਦੀ ਤਕਦੀਰ ਬਣੇ
ਮੈਂ ਸੁਪਨਾ ਝੰਗ ਸਿਆਲਾਂ ਦਾ
ਕੋਈ ਤਖਤ ਹਜ਼ਾਰਾ ਮੰਗਦਾ ਹਾਂ
ਕੁੱਝ ਕੱਚੀ ਰੁੱਤ ਦੇ ਗੀਤ ਮੇਰੇ
ਕੱਚਿਆਂ ਸੰਗ ਯਾਰੀ ਲਾ ਬੈਠੇ
ਜਦੋਂ ਵਗੀ ਹਨੇਰੀ ਹਰਫਾਂ ਦੀ
ਅਰਥਾਂ ਦੇ ਅਰਥ ਗੁਆ ਬੈਠੇ
ਹਰਫਾਂ ਦੀ ਪੀੜ ਪਛਾਨਣ ਲਈ
ਇਕ ਜਨਮ ਦੁਬਾਰਾ ਮੰਗਦਾ ਹਾਂ
ਮੈਨੂੰ ਬੇਦਾਵੇ ਤੋਂ ਮੁਕਤ ਕਰੇ
ਇੱਕ ਮਿੱਤਰ ਪਿਆਰਾ ਮੰਗਦਾ ਹਾਂ
ਮੇਰਾ ਇਕ ਅੱਧ ਗੀਤ ਰਹੇ ਜੀਉਂਦਾ
ਕੋਈ ਦਰਦ ਹੁਧਾਰਾ ਮੰਗਦਾ ਹਾਂ