ਮੈਨੂੰ ਡਰ ਹੈ !

ਖ਼ਤ ! ਜੋ ਮੈਂ ਆਪਣੀ ਨਿੱਜੀ ਫਾਈਲ ਵਿਚ 

ਡਿਗਰੀਆਂ ਵਾਗ ਸਾਂਭ ਰਖੇ ਨੇ 

ਅਚਾਨਕ ਮੇਰੇ ਵੱਲ 

ਗਲੀ ਦੇ ਅਵਾਰਾ ਕੁੱਤਿਆਂ ਵਾਂਗ ਭੌਂਕਦੇ ਨੇ 

ਤੇ ਇਸ ਰੌਲੇ ਨੂੰ ਚੀਰਦੀ ਹੋਈ 

ਇਕ ਜਾਣੀ ਪਛਾਣੀ ਅਵਾਜ਼ 

ਇਨਾਂ ਕੁੱਤਿਆਂ ਨੂੰ ਪੁੱਚਕਾਰਦੀ ਹੈ 

ਤੇ ਮੈਥੋਂ ਮੇਰੀ ਨੀਯਤ ਦਾ ਸਿਰਨਾਵਾਂ ਪੁੱਛਦੀ ਹੈ 

ਮੇਰੇ ਉਤਰ ਦੇਣ ਤੋਂ ਪਹਿਲਾਂ ਹੀ 

ਆਵਾਜ਼ ਖ਼ਤਾਂ ਵਿਚ ਮੁੜ ਅਲੋਪ ਹੋ ਗਈ ਹੈ

ਪਰ ! ਮੈਨੂੰ ਆਪਣੇ ਪੁਰਾਣੇ ਖ਼ਤਾਂ ਦੇ 

ਹਲਕਾਏ ਜਾਣ ਦਾ ਡਰ 

ਅਜੇ ਵੀ, ਤਾਰੇ ਦੇ ਟੁੱਟਣ ਦੇ ਵਹਿਮ ਵਰਗਾ ਹੈ

📝 ਸੋਧ ਲਈ ਭੇਜੋ