ਮਰਨ ਤੋਂ ਪਹਿਲਾਂ ਮਰ ਨਾ ਹੋਵੇ।
ਇਹ ਔਖਾ ਕੰਮ ਕਰ ਨਾ ਹੋਵੇ।
ਇਸ਼ਕ ਦੇ ਹੜ੍ਹ 'ਚ ਮੈਂ ਇੰਝ ਡੱਬੀ,
ਡੁੱਬਦੀ ਜਾਵਾਂ ਤੱਰ ਨਾ ਹੋਵੇ।
ਏਸ ਲਈ ਉਹ ਮੈਥੋਂ ਰਿੰਜ ਏ,
ਮੇਰੇ ਕੋਲੋਂ ਡਰ ਨਾ ਹੋਵੇ।
ਨਿੱਕੇ ਵੀ ਨਹੀਂ ਕਾਬੂ ਆਂਦੇ,
ਜੇ ਵੱਡਿਆਂ ਦਾ ਡਰ ਨਾ ਹੋਵੇ।
ਉਹਦੀ ਸੂਰਤ ਦਿਸਦੀ ਨਾਹੀਂ,
ਜਿਸਦੀ ਦੂਰੀ ਜਰ ਨਾ ਹੋਵੇ।
ਬਿੱਟ ਬਿੱਟ ਤੱਕਾਂ ਕਰਮ ਦਾ ਬੂਹਾ,
ਸੱਖਣੀ ਝੋਲ਼ੀ ਭਰ ਨਾ ਹੋਵੇ।
ਖ਼ਾਬ ਨਿਮਾਣੇ ਨਹੀਂ ਆਂਦੇ,
ਸ਼ਾਲਾ ਖ਼ਾਲੀ ਘਰ ਨਾ ਹੋਵੇ।
ਤੇਰੇ ਹੁੰਦੀਆਂ ਜੀਵਨ ਬਾਜ਼ੀ,
ਕਦੀ ਵੀ ਮੈਥੋਂ ਹਰ ਨਾ ਹੋਵੇ।
ਰੀਝ ਦਾ ਚਾਨਣ ਵੰਡਦਾ ਦੀਵਾ,
ਆਸ ਬਨੇਰੇ ਧਰ ਨਾ ਹੋਵੇ।
ਯਾਰ ਦੇ ਸੁਫ਼ਨੇ ਬਾਝੋਂ ਸੁਗ਼ਰਾ,
ਰਾਤ ਦਾ ਪੈਂਡਾ ਸਿਰ ਨਾ ਹੋਵੇ।