ਮਾਰਿਆ ਸਾਨੂੰ ਤਾਂ ਸਾਡੇ

ਮਾਰਿਆ ਸਾਨੂੰ ਤਾਂ ਸਾਡੇ ਰਹਿਬਰਾਂ ਨੇ

ਕੀ ਪਤਾ ਕੀ ਆਖਿਆ ਹੈ ਮੁਖ਼ਬਰਾਂ ਨੇ

ਹੱਥ ਅੰਬਰ ਵੱਲ ਨਾ ਕਰਿਓ ਕਦੇ ਵੀ

ਆਖਿਆ ਪੈਰਾਂ ਦੇ ਵਿਚ ਰੁਲਦੇ ਸਿਰਾਂ ਨੇ

ਪਿੰਜਰਾ ਸੋਨੇ ਦਾ ਸਾਨੂੰ ਭਾਅ ਗਿਆ ਸੀ

ਹਿਚਕਚਾਂਦੇ ਮੰਨਿਆ ਜ਼ਖ਼ਮੀ ਪਰਾਂ ਨੇ

ਹੁਣ ਮਕਾਨਾਂ ਤੇ ਦੁਕਾਨਾਂ ਦਾ ਸਮਾਂ ਹੈ

ਹੁਣ ਸਿਰਫ਼ ਇਤਿਹਾਸ ’ਚੋਂ ਮਿਲਣਾ ਘਰਾਂ ਨੇ

ਦਿਨ—ਦਿਹਾੜੇ ਪਰਦਿਆਂ ਦੀ ਸ਼ਹਿ ਮਿਲਣ ’ਤੇ

ਜ਼ੁਲਮ ਕੀਤਾ ਬਹੁਤ ਚਿੱਟੀਆਂ ਚਾਦਰਾਂ ਨੇ

ਹੋਰ ਨਦੀਆਂ ਵਾਂਗ ਉਹ ਵੀ ਹੈ ਨਦੀ ਪਰ

ਖ਼ੁਦਕੁਸ਼ੀ ਕੀਤੀ ਉਦ੍ਹੇ ਵਿਚ ਸਾਗਰਾਂ ਨੇ

ਸਿਰਫਿਰੇ ਦੇਂਦੇ ਜੇਕਰ ਆਸਰਾ ਤਾਂ

ਮਾਰ ਦੇਣਾ ਸੀ ‘ਅਮਰ’ ਦਾਨਿਸ਼ਵਰਾਂ ਨੇ

📝 ਸੋਧ ਲਈ ਭੇਜੋ