ਮਾਰੋ ਬਚਿਆ! ਕਿਹੜੇ ਸ਼ਹਿਰ ਚ ਆ ਗਏ ਆਂ
ਜਿਥੇ ਲੋਹਾ ਚੱਟਦਾ ਤੇਲ
ਪੈਰ ਉਠਦੇ ਵਾਅ ਤੇ ਚੜ੍ਹਦੀ
ਝੱਟ ਕੁ ਪਹਿਲਾਂ ਘੱਲੀ ਖ਼ਬਰ ਸਮੁੰਦਰ ਲੰਘ ਗਈ
ਤਾਅ ਤੇ ਆਏ ਸ਼ਹਿਰ ਚ
ਜੱਤ ਸੱਤ ਕਿਵੇਂ ਸਲਾਮਤ ਰੱਖਿਆ
ਮਾਰੋ ਬਚਿਆ!
ਅਜਬ ਮਕਾਨ ਨੇਂ
ਛੱਤ ਨਹੀਂ ਕਿਸੇ ਮਕਾਨ ਦੀ
ਪੈਰਾਂ ਹੇਠ ਜ਼ਮੀਨ ਕੋਈ ਨਹੀਂ
ਨਾ ਕੋਈ ਸ਼ਕਲ ਅਸਮਾਨ ਦੀ
ਗਮਲਿਆਂ ਅੰਦਰ ਬਾਗ਼ ਬਗ਼ੀਚੀ
ਫ਼ਸਲ ਸ਼ਾਪਰ ਵਿੱਚ ਧਾਨ ਦੀ
ਕਿਹੜੇ ਸ਼ਹਿਰ ਆ ਗਏ ਆਂ
ਕੈਦ ਬਰਾਕ ਤਬੇਲਿਆਂ ਅੰਦਰ
ਨਾ ਕੋਈ ਰਾਤ ਵਸਲ ਦੀ
ਦਿਵੇਂ ਨਿਯਤ ਨਮਾਜ਼ ਲਈ
ਚੁੱਪ ਕਰ ਕੇ ਸ਼ੁਕਰ ਨਫ਼ਲ ਦੀ
ਕਿਹੜੇ ਸ਼ਹਿਰ ਚ ਆ ਗਏ ਆਂ
ਸਾਵੀ ਸੱਪ ਦੀ ਅੱਖ ਵਰਗੀ
ਕੋਈ ਲਾਲ਼ ਗੁਲਾਲ ਬਲਾ
ਸਾਰੀ ਸੜਕ ਨੂੰ ਖੁੰਬ ਲੱਗ ਗਈ
ਅਸਾਂ ਫ਼ਰਸ਼ ਤੇ ਪੈਰ ਮਲੀ
ਮਾਰੋ ਬਚਿਆ!
ਕੁੱਲ ਆਲਮ ਦੀ ਖ਼ਬਰ ਮਿਲੀ
ਪਰ ਆਪਣੀ ਖ਼ਬਰ ਨਾ ਕੋ
ਨਾ ਦੁਰਗਾ ਤੇ ਰੱਬ ਮਿਲਿਆ
ਨਾ ਥੇਹ ਥੇਹ ਹੋ
ਮਰ ਮਰ ਇੱਕ ਬਣਾਵਣ ਸ਼ੀਸ਼ਾ
ਮਾਰ ਵੱਟਾ ਇੱਕ ਭੰਨਦੀ
ਵਿੱਚ ਸਮੁੰਦਰ ਰੋੜ੍ਹ ਆਏ
ਆ ਟੋਟੇ ਕਰ ਕੇ ਚੰਨ ਦੇ
ਕਿਹੜੇ ਸ਼ਹਿਰ ਆ ਗਏ ਆਂ
ਨਾ ਆਪਾਂ ਰੰਗ ਪੁਰ ਵਾਲੇ ਖੇੜੀ
ਨਾ ਆਪਾਂ ਵਗ ਨਾ ਚੋਰ
ਅੱਖ ਵਿੱਚ ਤੂਰ ਜ਼ਹੂਰ ਫੇਰ ਇਈ
ਜ਼ਮਜ਼ਮ ਨਾਲ਼ ਟਕੋਰ
ਆਪਾਂ ਪਿਛਲਾ ਯੁਗ ਵੀ ਆਂ
ਤੇ ਅੱਜ ਵੀ ਨਵੇਂ ਨਕੋਰ
ਮਾਰੋ ਬਚਿਆ!
ਕਿਹੜੇ ਸ਼ਹਿਰ ਚ ਆ ਗਏ ਆਂ
ਜਿਥੇ ਲੋਹਾ ਚੱਟਦਾ ਤੇਲ
ਪੈਰ ਉਠ ਵਾਅ ਤੇ ਚੜ੍ਹਦੀ