ਮੱਥੇ ਦੀ ਧੁਆਂਖ

ਬਿਰਧ ਬਾਪ ਦੀ ਦੱਬਵੀਂ ਆਵਾਜ਼ 'ਚ ਥਿੜਕਦੇ ਬੋਲ-

'ਕਿਉਂ ਪੁੱਤ ! ਹੋਇਐ ਕੋਈ ਰੁਜ਼ਗਾਰ ਦਾ ਚਾਰਾ ?' 

ਮੇਰੇ ਕੰਨਾਂ ਵਿਚ 

ਪ੍ਰੈਸ਼ਰ ਹਾਰਨ ਦੀ ਆਵਾਜ਼ ਵਾਂਗ ਸਾਂ ਸਾਂ ਕਰਦੇ ਹਨ 

ਤੇ ਮੈਂ ਸੜਕ ਦੇ ਵਿਚਕਾਰ 

ਆਵਾਰਾ ਕੁੱਤਿਆਂ ਵਾਂਗ 

ਸੁੰਦਰ ਕਾਰਾਂ ਪਿੱਛੇ ਦੌੜਨ ਦੀ ਬਜਾਏ 

ਨੰਗੇ ਪੈਰੀਂ ਸੜਕ ਦੇ ਖੱਬੇ ਹੱਥ 

ਤੁਰਨ ਲਗ ਪੈਂਦਾ ਹਾਂ । 

ਸੂਰਜ ਦੁਆਲੇ ਗੇੜੇ ਕਢਦਿਆਂ 

ਇਸ ਬੁੱਢੇ ਬੋਹੜ ਦੀ ਛਾਵੇਂ 

ਮੇਰੀ ਉਮਰ ਦਾ ਤੇਈਵਾਂ ਮੁੱਕਣ ਵਾਲਾ ਏ 

ਪਰ ਮੈਂ ਅਜੇ ਤੋੜੀ 

ਕੋਸ਼ਿਸ਼ 'ਚ ਹੀ ਮਸ਼ਰੂਫ ਹਾਂ 

ਸੌ ਵਾਰ, ਪਰੋਲੇ ਫੇਰਨ ਤੇ ਵੀ 

ਮੱਥੇ ਦੀ ਧੁਆਂਖ ਉਭਰ ਆਉਂਦੀ ਐ 

ਜਿਸ ਕਿਸੇ ਮੇਰਾ ਮੱਥਾ ਚੁੰਮਿਐ 

ਉਸਦਾ ਮੂੰਹ ਕਸੈਲਿਆ ਗਿਐ 

ਤੇ ਉਹ ਮੈਥੋਂ ਦੂਰ ਚਲਾ ਗਿਐ 

ਇਸ ਵਿਚ ਕਸੂਰ ਤੁਰ ਜਾਣ ਵਾਲੇ ਦਾ ਨਹੀਂ 

ਮੇਰੇ ਵਿਰਸੇ 'ਚ ਮਿਲੀ 

ਮੱਥੇ ਦੀ ਧੁਆਂਖ ਦਾ

📝 ਸੋਧ ਲਈ ਭੇਜੋ